ਸਮੇਂ ਦਾ ਹਾਣੀ ਬਣ ਕੇ, ਨਵੀਆਂ ਤਕਨੀਕਾਂ ਨਾਲ ਬੁਲੰਦੀਆਂ ਤੱਕ ਪਹੰਚਾਇਆ ਆਪਣੀ ਖੇਤੀ ਨੂੰ - ਕਿਸਾਨ ਪਰਿਮੰਦਰ ਸਿੰਘ

ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਕਦੇ ਵੀ ਨਹੀਂ ਲਾਈ ਅੱਗ

ਲੁਧਿਆਣਾ,  ਅਕਤੂਬਰ 2020 ( ਮਨਜਿੰਦਰ ਗਿੱਲ )

 ਪਰਮਿੰਦਰ ਸਿੰਘ ਪਿੰਡ ਗੋਪਾਲਪੁਰ ਬਲਾਕ ਡੇਹਲੋਂ ਦਾ ਇੱਕ ਅਗਾਂਹਵਧੂ ਕਿਸਾਨ ਹੈ। ਪਰਮਿੰਦਰ ਸਿੰਘ ਖੇਤੀਬਾੜੀ ਨਾਲ ਮੁੱਢ ਕਦੀਮੀ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਵੀ ਲੰਮੇ ਸਮੇਂ ਤੋਂ ਨੇੜਤਾ ਰੱਖੀ ਹੈ। ਇਸ ਕਿਸਾਨ ਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੀ ਨਾੜ ਨੂੰ ਕਦੇ ਵੀ ਅੱਗ ਨਹੀਂ ਲਗਾਈ।ਬੇਸ਼ੱਕ ਪਰਮਿੰਦਰ ਸਿੰਘ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਹੈ ਪਰੰਤੂ ਉਸਨੇ ਸਮੇਂ ਦੇ ਨਾਲ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਅਤੇ ਆਪਣੀ ਖੇਤੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ।ਉੱਦਮੀ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 370 ਏਕੜ ਦੀ ਖੇਤੀ ਕਰਦਾ ਹੈ। ਉਸਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਅਤੇ ਕਣਕ-ਝੋਨੇ ਜਿਹੀਆਂ ਰਵਾਇਤੀ ਫਸਲਾਂ ਤੋਂ ਬਿਨਾਂ ਸਰੋਂ, ਮੱਕੀ, ਗੰਨਾ ਅਤੇ ਆਲੂ ਦੀ ਫਸਲ ਦੀ ਖੇਤੀ ਵੀ ਕਰਦਾ ਹੈ। ਉਸਨੇ ਅੱਗੇ ਦੱਸਿਆ ਕਿ ਉਹ 40 ਏਕੜ ਵਿੱਚ ਆਲੂ, 80 ਏਕੜ ਵਿੱਚ ਗੰਨਾ ਅਤੇ 20 ਏਕੜ ਵਿੱਚ ਮੱਕੀ ਦੀ ਫਸਲ ਉਗਾਉਂਦਾ ਹੈ।

ਪਰਮਿੰਦਰ ਸਿੰਘ ਨੇ ਕਿਹਾ ਕਿ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕਸਟਮ ਹਾਇਰਿੰਗ ਸੈਂਟਰ ''ਰੰਗੀ ਫਾਰਮਰਜ਼ ਐਗਰੀਕਲਚਰ ਸਵੈ ਸਹਾਇਤਾ ਗਰੁੱਪ'' ਬਣਾ ਕੇ ਉਲਟਾਵੇ ਹਲ, ਹੈਪੀ ਸੀਡਰ, ਮਲਚਰ ਜਿਹੀਆਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਅਤੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਹੀ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ। ਇਸ ਸਾਲ ਉਸਨੇੇ 250 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਤਜਰਬੇ ਦੀ ਘਾਟ ਕਾਰਨ ਉਸਨੂੰ ਪਰਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਵਾਹ ਕੇ ਹਾੜੀ ਦੀਆਂ ਫਸਲਾਂ ਦਾ ਵਧੀਆ ਝਾੜ ਪ੍ਰਾਪਤ ਕੀਤਾ ਹੈ।

ਮਿਹਨਤੀ ਕਿਸਾਨ ਪਰਿਮੰਦਰ ਸਿੰਘ ਅਨਾਜ ਫਸਲਾਂ ਤੋਂ ਇਲਾਵਾ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਵੀ ਉਗਾਉਦਾਂ ਹੈ। ਉੇਸਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।ਕਿਸਾਨ ਨੇ ਆਪਣੇ ਸਾਥੀ ਕਿਸਾਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਫਸਲੀ ਵਿਭਿੰਨਤਾ ਦੇ ਚੰਗੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਦਾ ਹੈ।ਕਿਸਾਨ ਪਰਮਿੰਦਰ ਸਿੰਘ ਆਪਣੀ ਅਗਾਂਹਵਧੂ ਸੋਚ ਅਤੇ ਵਾਤਾਵਰਣ ਪ੍ਰਤੀ ਸਕਰਾਤਮਿਕ ਸੋਚ ਕਾਰਨ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਣਾ ਦਾ ਸਰੋਤ ਬਣਿਆ ਹੋਇਆ ਹੈ।