ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਆਯੋਜਿਤ

ਆਪਣੀਆਂ ਹੱਕੀ ਮੰਗਾਂ ਲਈ ਸੂਬਾ ਪੱਧਰ 'ਤੇ 'ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ' ਦਾ ਕੀਤਾ ਗਠਨ

ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਵਿੱਤ ਤੇ ਪ੍ਰਸੋਨਲ ਵਿਭਾਗ ਪਾਸੋਂ ਸਟੈਨੋ ਕਾਡਰ ਦੀ ਪ੍ਰਮੋਸ਼ਨ ਦੀ ਕੀਤੀ ਮੰਗ

ਕਿਹਾ ! ਪ੍ਰਸੋਨਲ ਵਿਭਾਗ ਵੱਲੋਂ ਸਾਲ 2015 ਨੂੰ ਪੱਤਰ ਜਾਰੀ ਕਰਕੇ ਸਟੈਨੋ ਕਾਡਰ ਦਾ ਪ੍ਰਮੋਸ਼ਨ ਹੱਕ ਖੋਹਿਆ

ਲੁਧਿਆਣਾ,ਅਕਤੂਬਰ 2020  ( ਮਨਜਿੰਦਰ ਗਿੱਲ )- ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਸਟੈਨੋ ਕਾਡਰ ਸਾਥੀਆਂ ਦੀ ਦੂਜੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਤੋਂ ਸਟੈਨੋ ਕਾਡਰ ਦੇ ਕਰਮਚਾਰੀਆਂ ਨੇ ਭਾਗ ਲਿਆ। ਉਨ੍ਹਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ 'ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਵੱਲੋਂ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਦੇ ਹਾਜ਼ਰ ਹੋਏ ਸਾਥੀਆਂ ਵੱਲੋਂ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਸਟੈਨੋ ਕਾਡਰ ਦੀਆਂ ਪੱਦ ਉੱਨਤੀਆਂ ਨਾ ਹੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਲੁਧਿਆਣਾ ਤੋਂ ਮੈਂਬਰ ਸ਼੍ਰੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀਆਂ ਦੇ ਮੌਕੇ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਬਹੁਤ ਸਾਰੇ ਸਟੈਨੋ ਸਾਰੀ ਉਮਰ ਲਗਭਗ 30-35 ਸਾਲ ਦੀ ਸਰਵਿਸ ਕਰਕੇ ਬਿਨਾਂ ਪੱਦ ਉੱਨਤ ਹੋਏ ਸਟੈਨੋਟਾਈਪਿਸਟ ਹੀ ਰਿਟਾਇਰ ਹੋ ਰਹੇ ਹਨ, ਜੋ ਕਿ ਸਟੈਨੋ ਕਾਡਰ ਨਾਲ ਬਹੁਤ ਵੱਡੀ ਨਾ-ਇਨਸਾਫੀ ਹੈ। ਕੁੱਝ ਵਿਭਾਗਾਂ ਵਿੱਚ ਪਹਿਲਾਂ ਸਟੈਨੋ ਕਾਡਰ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕੀਤੀ ਜਾਂਦੀ ਸੀ, ਪ੍ਰੰਤੂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਮਿਤੀ 15 ਮਾਰਚ, 2015 ਨੂੰ ਜਾਰੀ ਪੱਤਰ ਅਨੁਸਾਰ ਕਈ ਵਿਭਾਗਾਂ ਵਿੱਚ ਸਟੈਨੋ ਕਾਡਰ ਦਾ ਪ੍ਰਮੋਸ਼ਨ ਦਾ ਹੱਕ ਵੀ ਖੋਹ ਲਿਆ ਗਿਆ ਹੈ।ਇਸ ਮੀਟਿੰਗ ਵਿੱਚ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਹਾਜ਼ਰ ਨੁਮਾਇੰਦਿਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਸੋਨਲ ਵਿਭਾਗ ਜੀ ਪਾਸੋਂ ਮੰਗ ਕੀਤੀ ਗਈ ਕਿ ਪ੍ਰਸੋਨਨ ਵਿਭਾਗ ਵੱਲੋਂ ਜਾਰੀ 15 ਮਾਰਚ, 2015 ਦਾ ਪੱਤਰ ਰੱਦ ਕਰਦੇ ਹੋਏ ਸਾਰੇ ਵਿਭਾਗਾਂ ਵਿੱਚ ਕਲੈਰੀਕਲ ਕਾਡਰ ਨਾਲ ਸੀਨੀਅਰਤਾ ਦੇ ਆਧਾਰ 'ਤੇ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕਰਨ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਜਾਵੇ, ਤਾਂ ਜੋ ਸਟੈਨੋਟਾਈਪਿਸਟਾਂ ਨੂੰ ਆਪਣੀ ਪੱਦ ਉੱਨਤੀ ਦਾ ਲਾਭ ਮਿਲ ਸਕੇ। ਉਨ੍ਹਾਂ ਵੱਲੋਂ ਕਲਰਕਾਂ ਦੀ ਤਰਜ਼ 'ਤੇ ਸਟੈਨੋਟਾਈਪਿਸਟਾਂ ਦੀ ਨੂੰ ਵੀ ਪੱਦ ਉੱਨਤੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ। ਸਮੂਹ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਲਈ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਜਾਣ ਜੋ ਕਿ ਬਹੁਤ ਸਾਰੇ ਵਿਭਾਗਾਂ ਵਿੱਚ ਨਹੀਂ ਹਨ ਜਾਂ ਜ਼ਿਲ੍ਹੇ ਵਿੱਚ ਸਿਰਫ ਇੱਕ ਜਾਂ ਦੋ ਆਸਾਮੀਆਂ ਹੀ ਮਨਜ਼ੂਰ ਹਨ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਵੱਖ-ਵੱਖ ਵਿਭਾਗਾਂ ਤੋਂ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਨੁਮਾਇੰਦੇ ਸੂਬਾ ਪ੍ਰਧਾਨ ਬੂਟਾ ਸਿੰਘ, ਸਿਹਤ ਵਿਭਾਗ ਸੰਗਰੂਰ, ਮੀਤ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਡੀ.ਸੀ. ਦਫਤਰ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਅੰਕੜਾ ਵਿਭਾਗ ਮੋਗਾ, ਜਨਰਲ ਸਕੱਤਰ ਵਿਜੈ ਕੁਮਾਰ ਡੀ.ਸੀ. ਦਫਤਰ ਜਲੰਧਰ, ਨਛੱਤਰ ਸਿੰਘ ਕਰ ਤੇ ਆਬਕਾਰੀ ਵਿਭਾਗ ਫਿਰੋਜ਼ੁਰ, ਸੁਖਚੈਨ ਸਿੰਘ ਸਿੱਖਿਆ ਵਿਭਾਗ ਫਿਰੋਜ਼ਪੁਰ, ਬਲਕੌਰ ਸਿੰਘ ਡੀ.ਸੀ. ਦਫਤਰ ਬਠਿੰਡਾ, ਗੁਰਲਾਭ ਸਿੰਘ ਤਕਨੀਕੀ ਸਿੱਖਿਆ ਵਿਭਾਗ ਫਿਰੋਜ਼ਪੁਰ, ਬਲਜੀਤ ਸਿੰਘ ਜ਼ਿਲ੍ਹਾ ਅਟਾਰਨੀ ਲੁਧਿਆਣਾ, ਲੀਗਲ ਅਡਵਾਈਜ਼ਰ, ਪ੍ਰਵੀਨ ਕੁਮਾਰ ਖੇਤੀਬਾੜੀ ਵਿਭਾਗ ਪਟਿਆਲਾ ਸਲਾਹਕਾਰ, ਬਲਜਿੰਦਰ ਸਿੰਘ ਡੀ.ਸੀ. ਦਫਤਰ ਸੰਗਰੂਰ ਸਲਾਹਕਾਰ, ਬਲਜੀਤ ਸਿੰਘ, ਡੀ.ਸੀ. ਦਫਤਰ ਲੁਧਿਆਣਾ ਪ੍ਰੈਸ ਸਕੱਤਰ, ਸ਼੍ਰੀਮਤੀ ਸੁਖਵਿੰਦਰ ਕੌਰ ਡੀ.ਸੀ. ਦਫਤਰ ਜਲੰਧਰ ਐਗਜੈਕਟਿਵ ਮੈਂਬਰ, ਜਤਿੰਦਰ ਸਿੰਘ ਸਿੱਖਿਆ ਵਿਭਾਗ ਗੁਰਦਾਸਪੁਰ ਐਗਜੈਕਟਿਵ ਮੈਂਬਰ, ਸੰਤੋਖ ਸਿੰਘ ਘੱਟ ਗਿਣਤੀ ਵਿਭਾਗ ਮੋਹਾਲੀ ਐਗਜੈਕਟਿਵ ਮੈਂਬਰ ਹਾਜ਼ਰ ਸਨ।