ਲਾਹੌਰ, ਅਕਤੂਬਰ 2020 -(ਏਜੰਸੀ)- ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਮਹਿੰਦਰਪਾਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੇ ਦੇਸ਼ ਲਈ ਕੌਮਾਂਤਰੀ ਪੱਧਰ 'ਤੇ ਕ੍ਰਿਕਟ ਖੇਡਣ ਵਾਲਾ ਸਿੱਖ ਭਾਈਚਾਰੇ ਦਾ ਪਹਿਲਾ ਵਿਅਕਤੀ ਬਣੇ ਅਤੇ ਭਾਰਤ ਖ਼ਿਲਾਫ਼ ਖੇਡਦੇ ਹੋਏ ਸਟਾਰਡਮ ਹਾਸਲ ਕਰੇ। 20 ਸਾਲਾਂ ਦੇ ਮਹਿੰਦਰ ਨੇ ਕਿਹਾ ਕਿ ਮੇਰੇ ਲਈ ਪਾਕਿਸਤਾਨ ਲਈ ਭਾਰਤ ਖ਼ਿਲਾਫ਼ ਕ੍ਰਿਕਟ ਦੇ ਕਿਸੇ ਵੀ ਪੱਧਰ 'ਤੇ ਖੇਡਣਾ ਬਹੁਤ ਅਹਿਮ ਹੈ। ਜੇਕਰ ਤੁਸੀਂ ਕਿਸੇ ਵੀ ਕ੍ਰਿਕਟਰ ਤੋਂ ਪੁੱਛੋਗੇ ਤਾਂ ਉਹ ਕਹੇਗਾ ਕਿ ਉਹ ਉੱਚ ਦਬਾਅ ਵਾਲੇ ਮੈਚਾਂ 'ਚ ਖੇਡਣਾ ਚਾਹੁੰਦਾ ਹੈ ਜਿਸ 'ਤੇ ਦੁਨੀਆ ਦੀ ਨਜ਼ਰ ਹੋਵੇਗੀ। ਉਸ ਨੇ ਦੱਸਿਆ ਕਿ ਭਾਰਤ ਦੇ ਪੰਜਾਬ ਸੂਬੇ ਵਿਚ ਮੇਰੇ ਕਈ ਰਿਸ਼ਤੇਦਾਰ ਰਹਿੰਦੇ ਹਨ ਜਿਨ੍ਹਾਂ ਨਾਲ ਮੈਂ ਸੰਪਰਕ ਵਿਚ ਹਾਂ। ਭਾਰਤੀ ਪੰਜਾਬ ਵਿਚ ਮੇਰੇ ਬਹੁਤ ਸਾਰੇ ਪ੍ਰਸ਼ੰਸਕ ਵੀ ਹਨ ਜੋ ਮੈਨੂੰ ਸ਼ੁੱਭ ਇਛਾਵਾਂ ਦਿੰਦੇ ਰਹਿੰਦੇ ਹਨ। ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਆਦਰਸ਼ ਵਕਾਰ ਯੂਨਸ ਹਨ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਘਰੇਲੂ ਢਾਂਚੇ ਨੂੰ ਬਦਲਣ ਅਤੇ ਵਿਭਾਗੀ ਟੀਮਾਂ ਨੂੰ ਖ਼ਤਮ ਕਰਨ ਕਾਰਨ ਮਹਿੰਦਰ ਨੂੰ ਨੁਕਸਾਨ ਉਠਾਉਣਾ ਪਿਆ ਹੈ। ਉਸ ਨੇ ਦੱਸਿਆ ਕਿ ਉਹ ਪਿਛਲੀ ਵਾਰ ਗ੍ਰੇਡ ਦੋ 'ਚ ਖੇਡਿਆ ਸੀ ਪ੍ਰੰਤੂ ਬਦਕਿਸਮਤੀ ਵਾਲੀ ਗੱਲ ਹੈ ਕਿ ਕਈ ਖਿਡਾਰੀ ਜੋ ਵਿਭਾਗਾਂ ਲਈ ਖੇਡ ਰਹੇ ਹਨ ਉਨ੍ਹਾਂ ਨਾਲ ਕਰਾਰ ਦਾ ਪ੍ਰਸਤਾਵ ਨਹੀਂ ਕੀਤਾ ਗਿਆ।