ਨਿੱਜੀ ਮੰਡੀਆਂ ਤੇ ਠੇਕਾ ਅਧਾਰਤ ਖੇਤੀ ਬਾਰੇ ਸਿਆਸਤਦਾਨਾਂ ਨੂੰ ਵਿਖਾਇਆ ਸ਼ੀਸ਼ਾ

ਲੁਧਿਆਣਾ, ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)  ਪੰਜਾਬ ਤੇ ਹਰਿਆਣਾ ਵਿਚ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਜਿਵੇਂ ਹਰ ਰੋਜ਼ ਤਿੱਖੇ ਰੋਸ ਮੁਜ਼ਾਹਰੇ ਹੋ ਰਹੇ ਹਨ, ਇਸੇ ਦੌਰਾਨ ਖੇਤੀ ਮਾਮਲਿਆਂ ਦੇ ਮਾਹਰ ਡਾ. ਸਰਦਾਰਾ ਸਿੰਘ ਜੌਹਲ ਨੇ ਸਿਆਸੀ ਪਾਰਟੀਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੇ ਆਗੂ ਵੀ ਗੁਮਰਾਹ ਹੋ ਰਹੇ ਹਨ ਕਿਉਂਕਿ ਉਹ ਵੰਡੇ ਹੋਏ ਹਨ। ਉਨ੍ਹਾਂ ਜਿੱਥੇ ਇਹ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਗੁਮਰਾਹ ਨਾ ਕਰਨ ਸਗੋਂ ਇਹ ਵੀ ਆਖਿਆ ਹੈ ਕਿ ਪਹਿਲਾਂ ਖੇਤੀ ਸੁਧਾਰ ਕਾਨੂੰਨਾਂ ਬਾਰੇ ਸਹੀ ਜਾਣਕਾਰੀ ਹਾਸਿਲ ਕਰ ਲਓ। ਆਪਣੇ ਫੇਸਬੁੱਕ ਪੇਜ 'ਤੇ ਕਿਸਾਨਾਂ ਨਾਲ ਸੰਵਾਦ ਰਚਾਉਣ ਲਈ ਜੌਹਲ ਲਗਾਤਾਰ ਪੋਸਟਾਂ ਪਾ ਰਹੇ ਹਨ। ਉਨ੍ਹਾਂ ਨੇ ਖੇਤੀ ਸੁਧਾਰ ਐਕਟ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਹੈ।

ਡਾ. ਜੌਹਲ ਨੇ ਕਿਹਾ ਹੈ ਕਿ ਵਰ੍ਹਾ 2006 ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਐਗਰੀਕਲਚਰ ਪ੍ਰਰੋਡਿਊਸ ਮਾਰਕੀਟ ਐਕਟ 2006 ਪਾਸ ਕੀਤਾ ਸੀ, ਇਸ ਵਿਚ ਸਪੱਸ਼ਟ ਸੀ ਕਿ ਕੋਈ ਵੀ ਕੰਪਨੀ ਜਾਂ ਗਰੁੱਪ ਪ੍ਰਰਾਈਵੇਟ ਮੰਡੀ ਬਣਾ ਸਕੇਗਾ। ਇਸ ਐਕਟ ਨੂੰ ਪੰਜਾਬ ਵਿਚ ਲਾਗੂ ਹੋਇਆਂ 14 ਵਰ੍ਹੇ ਹੋ ਚੱੁਕੇ ਹਨ। ਇਵੇਂ ਹੀ ਵਰ੍ਹਾ 2013 ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਠੇਕੇਦਾਰੀ ਅਧਾਰਤ ਖੇਤੀ ਐਕਟ 2013 ਪਾਸ ਕੀਤਾ ਸੀ ਤੇ ਹੁਣੇ ਜਿਹੇ ਕੇਂਦਰ ਸਰਕਾਰ ਵੱਲੋਂ ਜਿਹੜਾ ਐਕਟ ਪਾਸ ਕੀਤਾ ਗਿਆ ਹੈ, ਇਹ ਐਕਟ ਉਸੇ ਐਕਟ ਦੀ ਹੂ ਬ ਹੂ ਕਾਪੀ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਡਾ. ਜੌਹਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਜਦੋਂ 2006 ਵਿਚ ਨਿੱਜੀ ਮੰਡੀਆਂ ਲਈ ਰਾਹ ਖੋਲ੍ਹਣ ਵਾਸਤੇ ਖੇਤੀ ਉਤਪਾਦਨ ਸੋਧ ਐਕਟ ਪਾਸ ਕੀਤਾ ਗਿਆ ਸੀ ਤਾਂ ਕੀ ਬੀਰਵਿੰਦਰ ਉਸ ਵੇਲੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਹੀਂ ਸਨ?

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਵਿਰੁੱਧ ਉਹ ਰੋਸ ਮੁਜ਼ਾਹਰੇ ਕਰਦੇ ਫਿਰਦੇ ਹਨ, ਇਹ ਕਾਨੂੰਨ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਦੇ ਰਾਜ ਦੌਰਾਨ ਪਹਿਲਾਂ ਤੋਂ ਪਾਸ ਹੋ ਚੁੱਕੇ ਹਨ। ਉਦੋਂ ਰਾਜੇਵਾਲ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਕਿਉਂ ਨਾ ਕੀਤੇ? ਹੁਣ ਜਦੋਂ ਤੁਹਾਡੇ ਹੀ ਕਾਨੂੰਨਾਂ ਦੀ ਨਕਲ ਮਾਰ ਕੇ ਕੇਂਦਰ ਸਰਕਾਰ ਨੇ ਪਾਸ ਕਰ ਦਿੱਤੇ ਹਨ ਤਾਂ ਕਿਉਂ ਇੰਨਾ ਰੌਲਾ ਰੱਪਾ ਪਾ ਰਹੇ ਹੋ? ਜੇ ਤੁਸੀਂ ਧਰਨੇ ਹੀ ਲਾਉਣੇ ਹਨ ਤਾਂ ਅਕਾਲੀ ਦਲ ਤੇ ਕਾਂਗਰਸ ਵਿਰੁੱਧ ਲਾਓ, ਗ਼ਲਤ ਬਟਨ ਕਿਉਂ ਦੱਬ ਰਹੇ ਹੋ? ਡਾ. ਜੌਹਰ ਨੇ ਫੇਸਬੱੁਕ ਪੰਨੇ 'ਤੇ ਸਾਥੀ ਆਰਥਕ ਮਾਹਿਰਾਂ ਨਾਲ ਵੀ ਨਾਰਾਜ਼ਗ਼ੀ ਜ਼ਾਹਰ ਕੀਤੀ ਹੈ। ਉਹ ਕਿਸਾਨਾਂ ਨੂੰ ਅਗਵਾਈ ਦੇਣ ਦੀ ਥਾਂ ਖ਼ੁਦ ਵਹਾਅ ਵਿਚ ਵਗ ਰਹੇ ਹਨ।