ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ℅ ਦੁਨੀਆ 'ਚ ਸਭ ਤੋਂ ਜ਼ਿਆਦਾ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਭਾਰਤ 'ਚ ਸਭ ਤੋਂ ਪਹਿਲਾਂ ਕਰਫਿਊ ਲਾ ਕੇ ਕੋਰੋਨਾ ਖ਼ਿਲਾਫ਼ ਲੜਾਈ ਨੂੰ ਗੰਭੀਰਤਾ ਨਾਲ ਲੈਣ ਵਾਲੇ ਪੰਜਾਬ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ ਦੁਨੀਆ 'ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਕਈ ਦਿਨਾਂ ਬਾਦ ਪੰਜਾਬ 'ਚ ਦੋ ਦਿਨਾਂ 'ਚ 40 ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਪਿਛਲੇ 48 ਘੰਟਿਆਂ 'ਚ ਸਭ ਤੋਂ ਘੱਟ ਹਨ। ਸੂਬੇ 'ਚ ਮੰਗਲਵਾਰ ਨੂੰ 32 ਮੌਤਾਂ ਹੋਈਆਂ ਜਦਕਿ 846 ਨਵੇਂ ਮਰੀਜ਼ ਮਿਲੇ।

ਪੰਜਾਬ 'ਚ ਮੌਤ ਦਰ ਦਾ ਅੰਕੜਾ 3.06 ਫ਼ੀਸਦੀ 'ਤੇ ਪਹੁੰਚ ਗਿਆ ਹੈ ਜਦਕਿ ਦੁਨੀਆ ਭਰ 'ਚ ਇਹ ਅੰਕੜਾ 2.94 ਫ਼ੀਸਦੀ ਦੇ ਕਰੀਬ ਹੈ। ਦੇਸ਼ ਦੀ ਮੌਤ ਦਰ 1.55 ਫ਼ੀਸਦੀ ਹੈ। ਨਾਲ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 86.95 'ਤੇ ਪਹੁੰਚ ਗਈ ਹੈ। ਵਧ ਰਹੀ ਮੌਤ ਦਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਚਿੰਤਾ ਜ਼ਾਹਿਰ ਕਰ ਰਹੇ ਹਨ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਟੀਮ ਦਾ ਗਠਨ ਕੀਤਾ ਹੈ। ਕੋਵਿਡ-19 ਸਬੰਧੀ ਪੰਜਾਬ ਸਰਕਾਰ ਦੇ ਸਲਾਹਕਾਰ ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਨਿਸ਼ਚਿਤ ਤੌਰ 'ਤੇ ਮੌਤ ਦਰ ਸਾਡੇ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ, ਜਿਸ 'ਚ ਕਮੀ ਆਉਣ 'ਚ ਥੋੜ੍ਹਾ ਸਮਾਂ ਲੱਗੇਗਾ। ਪਿਛਲੇ 15 ਦਿਨਾਂ ਤੋਂ ਪਾਜ਼ੇਟਿਵ ਕੇਸ ਆਉਣ 'ਚ ਗਿਰਾਵਟ ਦੇਖੀ ਜਾ ਰਹੀ ਹੈ। ਪੰਜਾਬ ਸਰਕਾਰ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਵਿਸ਼ਵ 'ਚ ਮੌਤ ਦਰ ਪਿਛਲੇ ਦੋ ਮਹੀਨਿਆਂ 'ਚ ਘੱਟ ਹੋਈ ਹੈ, ਉੱਥੇ ਹੀ ਪੰਜਾਬ 'ਚ ਇਹ ਪਿਛਲੇ ਦੋ ਮਹੀਨਿਆਂ 'ਚ ਵਧ ਗਈ ਹੈ। ਅੰਕੜਿਆਂ ਅਨੁਸਾਰ ਵਿਸ਼ਵ 'ਚ ਕੋਰੋਨਾ ਦੀ ਮੌਤ ਦਰ ਜੁਲਾਈ 'ਚ ਚਾਰ ਫ਼ੀਸਦੀ ਸੀ, ਜੋ ਹੁਣ ਘਟ ਕੇ 2.94 ਫ਼ੀਸਦੀ ਹੋ ਗਈ ਹੈ। ਦੇਸ਼ 'ਚ ਵੀ ਕੋਰੋਨਾ ਨਾਲ ਮੌਤ ਦਰ ਜੁਲਾਈ 'ਚ 3.36 ਸੀ, ਜੋ ਹੁਣ ਘਟ ਕੇ 1.55 ਫ਼ੀਸਦੀ ਹੋ ਗਈ ਹੈ। ਪੰਜਾਬ 'ਚ ਇਸ ਸਮੇਂ ਦੌਰਾਨ ਕੋਰੋਨਾ ਨਾਲ ਮੌਤ ਦਰ 2.41 ਫ਼ੀਸਦੀ ਤੋਂ ਵਧ ਕੇ 3.06 ਫ਼ੀਸਦੀ ਹੋ ਗਈ ਹੈ।

ਕੁਸ਼ ਹਫ਼ਤਿਆਂ ਤਕ ਆਵੇਗੀ ਮੌਤ ਦਰ 'ਚ ਕਮੀ -

ਪੰਜਾਬ ਅੰਦਰ ਲੋਕਾਂ ਦਾ ਹਸਪਤਾਲਾਂ ਤੋਂ ਦੂਰੀ ਬਣਾਉਣਾ ਮੌਤਾਂ ਦਾ ਵੱਡਾ ਕਾਰਨ- ਤਲਵਾੜ

ਡਾ. ਕੇਕੇ ਤਲਵਾੜ ਦਾ ਕਹਿਣਾ ਹੈ ਕਿ ਅਗਲੇ ਇਕ-ਦੋ ਹਫ਼ਤਿਆਂ 'ਚ ਪੰਜਾਬ 'ਚ ਮੌਤ ਦਰ 'ਚ ਕਮੀ ਆਵੇਗੀ ਕਿਉਂਕਿ ਪੰਜਾਬ ਦੀ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਕਦੇ ਪੰਜਾਬ 'ਚ ਇਹ ਅਫ਼ਵਾਹ ਉਡਾ ਕੇ ਲੋਕਾਂ ਨੂੰ ਜਾਂਚ ਤੋਂ ਰੋਕਿਆ ਜਾਂਦਾ ਹੈ ਕਿ ਮਨੁੱਖੀ ਅੰਗ ਕੱਢ ਲਏ ਜਾਂਦੇ ਹਨ। ਪੰਜਾਬ 'ਚ ਸ਼ੂਗਰ ਤੇ ਦਿਲ ਦੇ ਮਰੀਜ਼ ਵੀ ਜ਼ਿਆਦਾ ਹਨ ਜਦਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਦੇ ਕਿਸਾਨ ਤੇ ਕਦੇ ਸਮਾਜਿਕ ਜਥੇਬੰਦੀਆਂ ਸੜਕਾਂ 'ਤੇ ਉਤਰ ਆਉਂਦੀਆਂ ਹਨ। ਇਹ ਵੀ ਦੇਖਿਆ ਗਿਆ ਕਿ ਲੋਕ ਪਹਿਲੇ ਪੜਾਅ 'ਚ ਟੈਸਟ ਕਰਵਾਉਣ ਤੋਂ ਡਰਦੇ ਰਹੇ। ਜਦੋਂ ਉਹ ਹਸਪਤਾਲ ਆਏ, ਉਦੋਂ ਤਕ ਸਥਿਤੀ ਕਾਫ਼ੀ ਵਿਗੜ ਚੁੱਕੀ ਸੀ। ਮੌਤ ਦਰ ਦੇ ਜ਼ਿਆਦਾ ਹੋਣ 'ਚ ਇਹ ਬਹੁਤ ਵੱਡਾ ਕਾਰਨ ਰਿਹਾ।