You are here

ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ - ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਈ ਘਿਨਾਉਣੀ ਘਟਨਾ ਦੇ ਰੋਸ ਵਿੱਚ ਲੁਧਿਆਣੇ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਲੁਧਿਆਣ, ਅਕਤੂਬਰ 2020  ( ਸੱਤਪਾਲ ਸਿੰਘ ਦੇਹੜਕਾਂ /ਮਨਜਿੰਦਰ ਗਿੱਲ)- -ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਲਿਤ ਕੁੜੀ ਮਨੀਸ਼ਾ ਨਾਲ ਹੋਏ ਬਲਾਤਕਾਰ ਦੇ ਰੋਸ ਵਿੱਚ ਅੱਜ ਲੁਧਿਆਣਾ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਗਿਆ। ਚੇਅਰਮੈਨ ਪੰਜਾਬ ਯੂਥ ਡਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਕੈਂਡਲ ਮਾਰਚ ਵਿੱਚ ਆਪ ਹਿੱਸਾ ਲਿਆ। ਇਹ ਕੈਂਡਲ ਮਾਰਚ ਜਿਲ੍ਹਾ ਕੋਆਰਡੀਨੇਟਰ, ਲੁਧਿਆਣਾ (ਸ਼ਹਿਰੀ) ਸ਼੍ਰੀ ਨੀਤਿਨ ਟੰਡਨ ਦੀ ਅਗਵਾਈ ਵਿੱਚ ਦੁਰਗਾ ਮਾਤਾ ਮੰਦਰ ਸਰਾਭਾ ਨਗਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਚੌਂਕ ਤੱਕ ਕੱਢਿਆ ਗਿਆ। ਇਸ ਵਿੱਚ ਭਾਰੀ ਸੰਖਿਆ ਵਿੱਚ ਜਿਲ੍ਹੇ ਦੇ ਯੁਵਕ ਅਤੇ ਯੁਵਤੀਆਂ ਨੇ ਹਿੱਸਾ ਲਿਆ। ਇਸ ਰੋਸ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਸ਼ਰਮਨਾਕ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਹਾਥਰਸ ਵਿਖੇ ਪੁਲਿਸ ਨੇ ਉਸ ਘਟਨਾ ਦੀ ਸ਼ਿਕਾਰ ਬੇਚਾਰੀ ਕੁੜੀ ਦੀ ਲਾਸ਼ ਉਸਦੇ ਘਰਵਾਲਿਆਂ ਨੂੰ ਸੌਂਪਣ ਦੀ ਬਜਾਏ ਉਸ ਦਾ ਪੁਲਿਸ ਵੱਲੋਂ ਹੀ ਅੱਧੀ ਰਾਤ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜੋ ਕਿ ਸਰਾਸਰ ਗਲਤ ਸੀ। ਉਹਨਾਂ ਇਸ ਘਟਨਾ ਦੀ ਸ਼ਿਕਾਰ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਦੋਸ਼ੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਤੇ ਕਿਹਾ ਕਿ ਦੇਸ਼ ਦੇ ਕਾਨੂੰਨ 'ਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਤੇ ਉਹ ਆਸ ਕਰਦੇ ਹਨ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ।  ਇਸ ਮੌਕੇ ਨੀਤਿਨ ਟੰਡਨ, ਜਿਲ੍ਹਾ ਕੋਆਰਡੀਨੇਟਰ, ਲੁਧਿਆਣਾ (ਸ਼ਹਿਰੀ) ਨੇ ਕਿਹਾ ਕਿ ਸਾਰਾ ਦੇਸ਼ ਸਾਡੀ ਧੀ, ਸਾਡੀ ਭੈਣ ਸਵਰਗੀ ਮਨੀਸ਼ਾ ਦੇ ਪਰਿਵਾਰ ਨਾਲ ਖੜ੍ਹਾ ਹੈ ਤੇ ਇਹੀ ਮੰਗ ਕਰਦਾ ਹੈ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇ ਕਿ ਇਹ ਭਰੋਸਾ ਦੇਸ਼ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ ਕਿ ਇਸ ਲੋਕਤੰਤਰ ਦੇਸ਼ ਵਿੱਚ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਸ ਕੈਂਡਲ ਮਾਰਚ ਦੇ ਅੰਤ ਵਿੱਚ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਰੋਸ ਮਾਰਚ ਵਿੱਚ ਹਿੱਸਾ ਲੈਣ ਵਾਲੇ ਸਮੂਹ ਯੁਵਕ ਯੁਵਤੀਆਂ ਦੀ ਭਾਗੀਦਾਰੀ ਦੀ ਸਲਾਘਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।