ਬਰਲਿਨ , ਅਕਤੂਬਰ 2020 -(ਏਜੰਸੀ)- ਜਰਮਨੀ ਨੇ ਬਿ੍ਟੇਨ ਨੂੰ ਅਪੀਲ ਕੀਤੀ ਹੈ ਕਿ ਉਹ ਯੂਰਪੀ ਸੰਘ (ਈਯੂ) ਨਾਲ ਵਪਾਰ ਸਮਝੌਤੇ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਛੱਡੇ ਅਤੇ ਅੱਗੇ ਵਧੇ। ਈਯੂ ਅਤੇ ਬਿ੍ਟੇਨ ਵਿਚਕਾਰ ਵਪਾਰ ਸਮਝੌਤੇ ਨਾਲ ਪੂਰੇ ਖੇਤਰ ਵਿਚ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ ਜੋ ਕੋਵਿਡ ਮਹਾਮਾਰੀ ਤੋਂ ਪੈਦਾ ਸਥਿਤੀ ਵਿਚ ਸਾਰਿਆਂ ਲਈ ਲਾਭਕਾਰੀ ਹੋਣਗੀਆਂ। ਇੰਗਲਿਸ਼ ਚੈਨਲ ਦੇ ਦੋਵਾਂ ਪਾਸਿਆਂ ਦੇ ਲੋਕ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਉਸ ਤੋਂ ਉਭਰਨ ਦਾ ਮੌਕਾ ਮਿਲੇਗਾ। ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਕਿਹਾ ਕਿ ਕੋਵਿਡ-19 ਨੇ ਇਸ ਸਮਝੌਤੇ ਨੂੰ ਹੋਰ ਜਲਦੀ ਕਰਨ ਲਈ ਹਾਲਾਤ ਪੈਦਾ ਕਰ ਦਿੱਤੇ ਹਨ। ਜਰਮਨੀ ਈਯੂ ਵਿਚ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਹੈ। ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਯੂਰਪੀ ਕਮਿਸ਼ਨ ਦੀ ਪ੍ਰਰੈਜ਼ੀਡੈਂਟ ਉਰਸਲਾ ਵਾਨ ਡੇਰ ਲਿਏਨ ਵਿਚਕਾਰ ਗੱਲਬਾਤ ਵਿਚ ਵਪਾਰ ਸਮਝੌਤੇ ਨੂੰ ਲੈ ਕੇ ਪੈਦਾ ਹੋਇਆ ਅੜਿੱਕਾ ਖ਼ਤਮ ਹੋਇਆ ਹੈ। ਹੁਣ ਚਾਲੂ ਹਫ਼ਤੇ ਵਿਚ ਕਿਸੇ ਦਿਨ ਦੋਵੇਂ ਪੱਖ ਫਿਰ ਤੋਂ ਗੱਲਬਾਤ ਲਈ ਆਹਮੋ-ਸਾਹਮਣੇ ਹੋਣਗੇ। ਜੌਨਸਨ ਨੇ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ 15 ਅਕਤੂਬਰ ਤਕ ਦਾ ਸਮਾਂ ਤੈਅ ਕੀਤਾ ਹੈ। ਉਧਰ, ਲਿਏਨ ਨੇ ਕਿਹਾ ਹੈ ਕਿ ਇਸੇ ਮਹੀਨੇ ਨਵੇਂ ਵਪਾਰ ਸਮਝੌਤੇ 'ਤੇ ਦਸਤਖ਼ਤ ਹੋ ਜਾਣਗੇ। ਪਹਿਲੇ ਇਹ ਸਮਝੌਤਾ ਇਸ ਸਾਲ 31 ਦਸੰਬਰ ਤਕ ਹੋਣਾ ਸੀ।ਮੰਨਿਆ ਜਾਂਦਾ ਹੈ ਕਿ ਸਮਝੌਤਾ ਨਾ ਹੋਣ ਦੀ ਸਥਿਤੀ ਵਿਚ ਜਰਮਨੀ, ਫਰਾਂਸ, ਨੀਦਰਲੈਂਡਸ ਅਤੇ ਬੈਲਜੀਅਮ ਨੂੰ ਵੱਡਾ ਨੁਕਸਾਨ ਹੋਵੇਗਾ। ਇਹ ਨੁਕਸਾਨ ਬਿ੍ਟੇਨ ਦੀ ਤੁਲਨਾ ਵਿਚ ਵੱਡੀ ਧਨ ਰਾਸ਼ੀ ਦਾ ਹੋਵੇਗਾ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬਿ੍ਟੇਨ ਨਾਲ ਚੰਗੇ ਸਮਝੌਤੇ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਆਪਸੀ ਸਮਝੌਤਾ ਸਾਡਾ ਟੀਚਾ ਹੈ ਅਤੇ ਰਹੇਗਾ।