SGPC ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਸਬੰਧੀ 1000 ਪੰਨਿਆਂ ਦੀ ਰਿਪੋਰਟ ਕੀਤੀ ਜਨਤਕ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ 1000 ਪੰਨਿਆਂ ਦੀ ਰਿਪਰੋਟ ਜਨਤਕ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਾਂਚ ਰਿਪੋਰਟ ਜਾਰੀ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਹਰ ਇਕ ਵਿਅਕਤੀ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ, ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ। ਜਾਂਚ ਰਿਪੋਰਟ ਦਾ ਉਹ ਸੰਖੇਪ ਵੇਰਵਾ 10 ਪੰਨਿਆਂ ਦਾ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੀ ਵੈੱਬਸਾਈਟ ’ਤੇ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਸਥਾਰਤ ਜਾਂਚ ਰਿਪੋਰਟ ਕਰੀਬ ਇਕ ਹਜ਼ਾਰ ਪੰਨਿਆਂ ਦੀ ਹੈ, ਜਿਸ ਨੂੰ ਸਕੈਨ ਕਰਕੇ ਵੈੱਬਸਾਈਟ ’ਤੇ ਪਾਇਆ ਜਾਵੇਗਾ। ਇਹ ਰਿਪਰੋਟ ਭਲਕ ਤੱਕ ਸੰਗਤਾਂ ਲਈ ਉਪਲੱਬਧ ਹੋ ਜਾਵੇਗੀ। ਭਾਈ ਲੌਂਗੋਵਾਲ ਅਨੁਸਾਰ ਰਿਪੋਰਟ ਦੇ ਪਹਿਲੇ ਭਾਗ ਵਿਚ ਲਗਭਗ 680 ਪੰਨਿਆਂ ਤੱਕ ਵੱਖ-ਵੱਖ ਲੋਕਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਹਨ, ਜਦਕਿ ਅੰਤਲੇ ਭਾਗ ਵਿਚ ਜਾਂਚ ਕਮਿਸ਼ਨ ਵੱਲੋਂ ਰਿਪੋਰਟ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਪਰਮਜੀਤ ਸਿੰਘ ਸਰੋਆ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਦਰਸ਼ਨ ਸਿੰਘ ਪੀਏ ਆਦਿ ਮੌਜੂਦ ਸਨ।