You are here

ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਨੇ ਪੁਲਿਸ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ

 

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ ) ਅਦਾਲਤ ਦੇ ਹੁਕਮ ਦੇ ਬਾਵਜੂਦ ਸੁਰੱਖਿਆ ਨਾ ਮਿਲਣ 'ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਗਵਾਹ ਤੇ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੇ ਦਿੱਲੀ ਪੁਲਿਸ ਖ਼ਿਲਾਫ਼ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ 'ਤੇ ਜਸਟਿਸ ਸੰਜੀਵ ਸਚਦੇਵਾ ਦੇ ਬੈਂਚ ਨੇ ਦਿੱਲੀ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਤੋਂ ਪੁੱਛਿਆ ਹੈ ਕਿ 18 ਅਗਸਤ ਨੂੰ ਹੇਠਲੀ ਅਦਾਲਤ ਵੱਲੋਂ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਕਿਉਂ ਜਾਰੀ ਨਹੀਂ ਰੱਖੀ ਗਈ? ਪੁਲਿਸ ਦੇ ਵਕੀਲ ਸ਼ਿਖਰ ਸ਼ੀਲ ਨੇ ਜਦੋਂ ਕਿਹਾ ਕਿ ਪੁਲਿਸ ਸਕਿਓਰਿਟੀ ਅਸੈਸਮੈਂਟ ਦੀ ਸਮੀਖਿਆ ਕਰ ਰਹੀ ਹੈ ਤਾਂ ਬੈਂਚ ਨੇ ਸਵਾਲ ਕੀਤਾ ਕਿ ਜੇਕਰ ਇਸ ਦੌਰਾਨ ਦੰਗੇ ਦੇ ਅਹਿਮ ਗਵਾਹ ਨੂੰ ਕੁਝ ਹੋ ਗਿਆ ਤਾਂ ਕੀ ਹੋਵੇਗਾ। ਅਭਿਸ਼ੇਕ ਵਰਮਾ ਨੇ ਦੱਖਣੀ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨ ਖ਼ਿਲਾਫ਼ ਦਿੱਲੀ ਹਾਈ ਕੋਰਟ 'ਚ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਪਹਿਲਾਂ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਦੀ 24 ਘੰਟੇ ਸੁਰੱਖਿਆ ਲਈ ਤਿੰਨ ਪੁਲਿਸ ਮੁਲਾਜ਼ਮ ਉਪਲਬਧ ਕਰਵਾਏ ਗਏ ਸਨ। 28 ਸਤੰਬਰ ਨੂੰ ਇਕ ਹੋਰ ਸਿੰਗਲ ਬੈਂਚ ਨੇ ਵੀ ਪੁਲਿਸ ਨੂੰ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਸੀ।