ਗੱਦੇਦਾਰ ਸੀਟਾਂ 'ਤੇ ਬਹਿ ਕੇ ਪ੍ਰਦਰਸ਼ਨ ਨਹੀਂ ਹੁੰਦੇ, ਇਹ ਸਭ ਇਕ ਦਿਖਵਾ - ਪੁਰੀ

 

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੱਲ ਰਹੀ ਤਿੰਨ ਦਿਨਾ ਟ੍ਰੈਕਟਰ ਯਾਤਰਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ। ਰਾਹੁਲ ਗਾਂਧੀ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟ੍ਰੈਕਟਰ ਯਾਤਰਾ ਕੱਢ ਰਹੇ ਹਨ। ਪੁਰੀ, ਜੋ ਦੋ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਚੀਜ਼ਾਂ ਸਪੱਸ਼ਟ ਕਰਨ ਆਏ ਸਨ ਨੇ ਸੋਮਵਾਰ ਨੂੰ ਅਖ਼ਬਾਰਾਂ ਵਿਚ ਰਾਹੁਲ ਗਾਂਧੀ ਦੀ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਬੈਠਣ 'ਤੇ ਟਿੱਪਣੀ ਕਰਦਿਆਂ ਟਵੀਟ ਕੀਤਾ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਸਿਆਸੀ ਪ੍ਰਦਰਸ਼ਨ ਕਰਾਰ ਦਿੱਤਾ। ਉਨ੍ਹਾਂ ਇਸ ਨੂੰ 'ਪ੍ਰਰੋਟੈਸਟ ਟੂਰਜ਼ਿਮ' ਦੱਸਦਿਆਂ ਕਿਹਾ ਕਿ ਇਹ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਆਪਣੇ ਹਿੱਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ ਤਿੰਨ ਦਿਨਾ ਤੇ ਹਰਿਆਣੇ ਵਿਚ ਦੋ ਦਿਨਾ ਟੈ੍ਕਟਰ ਯਾਤਰਾ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਅੱਜ ਦੂਜਾ ਦਿਨ ਸੀ।