ਜਗਰਾਓਂ, ਸਤੰਬਰ 2020 -(ਸੱਤਪਾਲ ਸਿੰਘ ਦੇਹੜਕਾਂ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਨਾਲ ਹਰ ਇੱਕ ਵਰਗ ਨੇ ਜੀਅ-ਜਾਨ ਨਾਲ ਸਾਥ ਦਿੱਤਾ। ਸ਼ੁਕਰਵਾਰ ਨੂੰ ਪੰਜਾਬ ਬੰਦ ਦੌਰਾਨ ਚਾਹੇ ਕਈ ਵਰਗ ਧਰਨੇ, ਮੁਜਾਹਰਿਆਂ 'ਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਆਪਣੇ ਮੁਕੰਮਲ ਕਾਰੋਬਾਰ ਅਤੇ ਸੜਕੀ ਆਵਾਜਾਈ ਠੱਪ ਰੱਖਦਿਆਂ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਜਗਰਾਓਂ 'ਚ ਅੱਜ ਜਿੱਥੇ ਹਰ ਇੱਕ ਵਪਾਰ ਨਾਲ ਜੁੜੀਆਂ ਦੁਕਾਨਾਂ ਬੰਦ ਸਨ, ਉਥੇ ਸੜਕਾਂ ਸੁੰਨਸਾਨ ਪਈਆਂ ਸਨ। ਅਜਿਹੇ ਵਿਚ ਬੰਦ ਦੀ ਸਫਲਤਾ 'ਤੇ ਕਿਸਾਨਾਂ ਨੇ ਵੀ ਉਨ੍ਹਾਂ ਰਾਜਨੀਤਿਕਾਂ ਨੂੰ ਜੋ ਇਸ ਬਿੱਲ ਦੇ ਹੱਕ ਵਿਚ ਹਨ, ਨੂੰ ਇਸ ਨਾਅਰੇ 'ਜੋ ਕਿਸਾਨਾਂ ਨਾਲ ਨਾ ਖੜ੍ਹੇ, ਉਹ ਪਿੰਡ ਨਾ ਵੜੇ' ਰਾਹੀਂ ਸਾਫ ਚਿਤਾਵਨੀ ਦੇ ਦਿੱਤੀ ਹੈ ਕਿ ਭਵਿੱਖ ਵਿਚ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਇਲਾਕੇ ਵਿਚ ਕਿਧਰੇ ਵੋਟ ਮੰਗਣ ਨਾ ਆ ਵੜਨ। ਜਿਥੇ ਅੱਜ ਨਾਨਕਸਰ ਦੇ ਕੋਲ ਹਾਈਵੇ ਉਪਰ ਵੱਡਾ ਇਕੱਠ ਹੋਇਆ ਉਸ ਇਕੱਠ ਵਿੱਚ ਪੂਰੇ ਇਲਾਕੇ ਭਰ ਤੋ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਤਰਾਂ ਲੱਗ ਰਿਹਾ ਸੀ ਕਿ ਸਮੁੱਚੇ ਜਿਲੇ ਤੋਂ ਹੀ ਲੋਕ ਇਥੇ ਆਏ ਹੋਣ ਪਰ ਇਸ ਤਰਾਂ ਨਹੀਂ ਸੀ ਇਹ ਇਕੱਠ ਕੇਵਲ ਹਲਕਾ ਜਗਰਾਓਂ ਅਤੇ ਉਸ ਦੇ ਆਸ ਪਾਸ ਦਾ ਸੀ। ਕਿਸਾਨ ਯੂਨੀਅਨਾਂ ਦੇ ਸੱਦੇ ਤੇ ਅੱਜ ਯੂਥ ਦੀ ਵੱਡੀ ਸ਼ਮੂਲੀਅਤ ਵੀ ਕਾਬਲੇ ਤਾਰੀਫ ਸੀ। ਯੂਥ ਨੇ ਗੰਭੀਰਤਾ ਨਾਲ ਇਨ੍ਹਾਂ ਧਰਨਿਆਂ ਵਿਚ ਟਰੈਕਟਰਾਂ 'ਤੇ ਕਿਸਾਨ ਵਿਰੋਧੀ ਆਰਡੀਨੈਂਸਾਂ 'ਤੇ ਬਣੇ ਪੰਜਾਬੀ ਗੀਤ ਗੁਣਗੁਣਾਉਂਦਿਆਂ ਸ਼ਮੂਲੀਅਤ ਕੀਤੀ ਤਾਂ ਧਰਨਿਆਂ ਵਿਚ ਜੋਸ਼ ਭਰ ਗਿਆ। ਵੱਖ ਵੱਖ ਬੋਲਾਰਿਆ ਵਲੋਂ ਜਿਥੇ ਸ਼੍ਰੋਮਣੀ ਅਕਾਲੀ ਦਲ , ਕਾਂਗਰਸ ਪਾਰਟੀ ਅਤੇ ਆਮ ਆਦਮੀ ਨੂੰ ਵੀ ਮੁਆਫ ਨਾ ਕੀਤਾ ਉਥੇ ਮੋਦੀ ਸਰਕਾਰ ਦੀ ਜਮ ਕੇ ਧੁਲਾਈ ਕੀਤੀ।