ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਉਤਸ਼ਾਹ ਨਾਲ ਸ਼ੁਰੂ

ਲਾਹੌਰ, ਫ਼ਰਵਰੀ 2020-(ਏਜੰਸੀ )-

 ਪਾਕਿਸਤਾਨ ਦੇ ਲਾਹੌਰ ’ਚ ਵਿਸ਼ਵ ਪੰਜਾਬੀ ਕਾਨਫਰੰਸ ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਦੇ ਅਹਿਦ ਨਾਲ ਅੱਜ ਰਵਾਇਤੀ ਉਤਸ਼ਾਹ ਨਾਲ ਸ਼ੁਰੂ ਹੋ ਗਈ। ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਨ ਦੀ ਅਗਵਾਈ ਹੇਠ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਸਯਦ ਅਫ਼ਜ਼ਲ ਹੈਦਰ ਨੇ ਕੀਤਾ। ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਚੈਪਟਰ ਵੱਲੋਂ ਅਗਲੀ ਕਾਨਫਰੰਸ ਭਾਰਤ ’ਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਸਯਦ ਅਫ਼ਜ਼ਲ ਹੈਦਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਮਾੜੇ ਨਿਜ਼ਾਮ ਤੋਂ ਮੁਕਤੀ ਲਈ ਲਗਾਤਾਰ ਲੋਕਾਂ ਨੂੰ ਜਗਾਇਆ ਪਰ 1947 ’ਚ ਜਿਸ ਬੇਰਹਿਮੀ ਨਾਲ ਸਾਂਝੀ ਵਿਰਾਸਤ ਕਤਲ ਕੀਤੀ ਗਈ ਉਸ ਦੀ ਸਾਂਝੀ ਮੁਆਫ਼ੀ ਮੰਗਣੀ ਬਣਦੀ ਹੈ। ਫ਼ਖ਼ਰ ਜਮਾਨ ਨੇ ਕਿਹਾ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਵੱਲੋਂ ਦਿੱਤਾ ਸੰਦੇਸ਼ ਅੱਜ ਵੀ ਓਨਾ ਹੀ ਅਰਥਵਾਨ ਹੈ। ਮੰਚ ਸੰਚਾਲਨ ਉਰਦੂ ਨਾਵਲਕਾਰ ਡਾ.ਅਬਦਾਲ ਬੇਲਾ ਨੇ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਨੂੰ ਪਰਪੱਕ ਕਰਨ ਲਈ ਗੁਰੂ ਨਾਨਕ ਦੇਵ ਦਾ ਜੀਵਨ ਤੇ ਸੰਦੇਸ਼ ਅਤਿਅੰਤ ਮਹੱਤਵਪੂਰਨ ਹੈ।
ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਨੂੰ ਚੇਤੇ ਕਰਦਿਆਂ ਲੋਕਾਈ ਨੂੰ ਖ੍ਵਾਬ ’ਚੋਂ ਜਗਾਉਣ ਵਾਲਾ ਮਹਾਂਪੁਰਖ ਕਿਹਾ। ਪੰਜਾਬੀ ਕਵੀ ਤੇ ਖੋਜੀ ਵਿਦਵਾਨ ਅਹਿਮਦ ਸਲੀਮ ਨੇ ਕਿਹਾ ਕਿ ਹਿੰਦ-ਪਾਕਿ ਰਿਸ਼ਤਿਆਂ ਵਿੱਚ ਸਾਂਝੀ ਤੰਦ ਗੁਰੂ ਨਾਨਕ ਦੇਵ ਦਾ ਜੀਵਨ ਤੇ ਬਾਣੀ ਸਭ ਤੋਂ ਮਜ਼ਬੂਤ ਆਧਾਰ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੀ ਕਾਨਫਰੰਸ ਪੰਜਾਬ ’ਚ ਕਰਵਾਉਣ ਲਈ ਪੰਜਾਬ ਸਰਕਾਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਯੂਨੀਵਰਸਿਟੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਦਰਸ਼ਨ ਸਿੰਘ ਬੁੱਟਰ, ਡਾ. ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ.ਰਤਨ ਸਿੰਘ ਢਿੱਲੋਂ, ਡਾ. ਅਮਜਦ ਅਲੀ ਭੱਟੀ ‘ਇਸਲਾਮਾਬਾਦ’, ਤੇਜਿੰਦਰ ਕੌਰ ਧਾਲੀਵਾਲ ਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਵੀ ਸੰਬੋਧਨ ਕੀਤਾ। ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਧੰਨਵਾਦ ਕੀਤਾ।