ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਕਾਂਡ ਬਣੇਗਾ ਵਾਅਦਾ ਮੁਆਫ਼ ਗਵਾਹ

ਫ਼ਰੀਦਕੋਟ, ਸਤੰਬਰ 2020 , (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਬਹਿਬਲ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅੱਜ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਵਾਅਦਾਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਦਿੱਤੀ, ਜਿਸ ਵਿਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਸਭ ਤੋਂ ਉੱਤਮ ਗਵਾਹ ਹੈ ਕਿਉਂਕਿ ਗੋਲੀ ਕਾਂਡ ਤੋਂ ਪਹਿਲਾਂ ਸਾਜ਼ਿਸ਼ ਰਚਣ ਵਾਲੇ ਪੁਲੀਸ ਅਧਿਕਾਰੀਆਂ ਨਾਲ ਪ੍ਰਦੀਪ ਸਿੰਘ ਦਾ ਨੇੜਿਓਂ ਰਾਬਤਾ ਸੀ। ਇੰਸਪੈਕਟਰ ਪ੍ਰਦੀਪ ਸਿੰਘ ਆਪਣਾ 18 ਸਫ਼ਿਆਂ ਦਾ ਬਿਆਨ ਵੀ ਅਦਾਲਤ ਵਿਚ ਦਰਜ ਕਰਵਾ ਚੁੱਕਾ ਹੈ, ਜਿਸ ਵਿਚ ਉਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਿਬਲ ਕਲਾਂ ਵਿਚ ਕਥਿਤ ਤੌਰ ’ਤੇ ਗੋਲੀ ਚਲਾਉਣ ਲਈ ਸਾਜ਼ਿਸ਼ ਰਚਣ ਦਾ ਕਸੂਰਵਾਰ ਠਹਿਰਾਇਆ ਹੈ। ਇਸ ਗੋਲੀ ਕਾਂਡ ਵਿਚ ਸ਼ਾਂਤਮਈ ਰੋਸ ਧਰਨੇ ’ਤੇ ਬੈਠੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਾਂਚ ਟੀਮ ਅਨੁਸਾਰ ਧਰਨੇ ਦੌਰਾਨ ਪੁਲੀਸ ਦੀ ਗੋਲੀ ਨਾਲ ਮਰਨ ਵਾਲੇ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨੂੰ ਗੋਲੀਆਂ ਪੁਲੀਸ ਦੀ ਰਾਈਫ਼ਲ ਨਾਲ ਮਾਰੀਆਂ ਗਈਆਂ ਸਨ। ਪ੍ਰਦੀਪ ਸਿੰਘ ਘਟਨਾ ਸਮੇਂ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਵਿਚ ਰੋਸ ਮੁਜ਼ਾਹਰੇ ’ਤੇ ਕੰਟਰੋਲ ਰੱਖਣ ਲਈ ਭੇਜਿਆ ਗਿਆ ਸੀ। ਚਰਨਜੀਤ ਸ਼ਰਮਾ ਪਹਿਲਾਂ ਹੀ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾਉਣ ਦਾ ਵਿਰੋਧ ਕਰ ਚੁੱਕੇ ਹਨ। ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਤੋਂ ਪਹਿਲੀ ਪੇਸ਼ੀ ’ਤੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾ ਕੇ ਘਟਨਾ ਦਾ ਸਾਰਾ ਸੱਚ ਅਦਾਲਤ ਸਾਹਮਣੇ ਲਿਆਉਣਾ ਚਾਹੁੰਦੇ ਹਨ। ਅਦਾਲਤ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਮੰਗ ਨੂੰ ਸਵੀਕਾਰ ਕਰ ਲਿਆ। ਵਿਸ਼ੇਸ਼ ਜਾਂਚ ਟੀਮ ਹੁਣ ਪ੍ਰਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਆਈਜੀ ਉਮਰਾਨੰਗਲ ਅਤੇ ਸੁਮੇਧ ਸੈਣੀ ਖ਼ਿਲਾਫ਼ ਜਾਂਚ ਨੂੰ ਅੱਗੇ ਤੋਰੇਗੀ।