ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਨਗਰ ਨਿਗਮ ਲੁਧਿਆਣਾ 'ਚ ਪੱਕੀ ਨੌਕਰੀ ਦਾ ਸੌਪਿਆ ਗਿਆ ਨਿਯੁਕਤੀ ਪੱਤਰ

ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਦਰਦਨਾਕ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਹੋਈ ਸੀ ਮੌਤ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਅੱਜ ਸਵ: ਸੁਖਦੇਵ ਸਿੰਘ ਦੀ ਵਾਰਿਸ ਪਤਨੀ ਨੂੰ ਨਗਰ ਨਿਗਮ ਲੁਧਿਆਣਾ ਵੱਲੋਂ ਪੱਕੀ ਨੌਕਰੀ ਦੇਣ ਦਾ ਨਿਯੁਕਤੀ ਪੱਤਰ ਸੌਪਿਆ ਗਿਆ। ਸੁਖਦੇਵ ਸਿੰਘ, ਜ਼ਿਨ੍ਹਾਂ ਦੀ ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ ਸੀ।ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਹਰਭਜਨ ਸਿੰਘ ਡੰਗ ਅਤੇ ਹੋਰ ਕੌਸਲਰ ਸਹਿਬਾਨ ਵੀ ਮੌਜੂਦ ਸਨ।ਜ਼ਿਕਰਯੋਗ ਹੈ ਕਿ ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਹੋਏ ਦਰਦਨਾਕ ਹਾਦਸੇ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਸਾਰੇ ਸ਼ਹੀਦ ਹੋਏ ਮੁਲਾਜ਼ਮਾਂ, ਭਾਵੇਂ ਕੋਈ ਸਰਕਾਰੀ ਨੌਕਰੀ 'ਤੇ ਸੀ ਜਾਂ ਕੋਈ ਕੱਚੇ ਤੌਰ 'ਤੇ ਕੰਮ ਕਰ ਰਿਹਾ ਸੀ, ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਹਦਾਇਤ ਕੀਤੀ ਗਈ ਸੀ। ਹੁਣ ਤੱਕ ਜਿੰਨੇ ਵੀ ਨਗਰ ਨਿਗਮ ਲੁਧਿਆਣਾ ਦੇ ਪੱਕੇ ਮੁਲਾਜ਼ਮ ਸਨ, ਉਨ੍ਹਾਂ ਮੁਲਾਜਮਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ ਸਰਕਾਰੀ ਨੌਕਰੀ ਪਹਿਲਾ ਹੀ ਦਿੱਤੀ ਜਾ ਚੁੱਕੀ ਹੈ।ਇਸ ਤੋਂ ਇਲਾਵਾ ਪੈਸਕੋ ਵਿੱਚ ਕੰਮ ਕਰ ਰਹੇ ਕਰਮਚਾਰੀ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਇਸ ਸਬੰਧ ਵਿੱਚ ਨੌਕਰੀ ਦੇਣ ਲਈ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਫ਼ਤਰ ਵੱਲੋਂ ਕੁਝ ਰਿਪੋਰਟਾਂ ਮੰਗੀਆਂ ਗਈਆਂ ਸਨ, ਜੋ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਨੂੰ ਭੇਜ ਦਿੱਤੀਆ ਗਈਆਂ ਸਨ। ਇਸ ਸਬੰਧ ਵਿੱਚ ਮਾਣਯੋਗ ਹਾਊਸ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਜਿੰਨੇ ਵੀ ਪੈਸਕੋ ਮੁਲਾਜਮ ਸਨ, ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਜਿਸ ਦੇ ਤਹਿਤ ਅੱਜ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।