ਜਿੰਦਗੀ ਦੀ ਜੰਗ ਜਿੱਤਣ ਲਈ ਪਲੈਨ ਨੰਬਰ 2 ਹੋਣਾ ਜਰੂਰੀ ✍️ ਸੁਰਿੰਦਰਜੀਤ ਸਿੰਘ ਸੰਧੂ

ਕੁਝ ਸਾਲ ਪਹਿਲਾਂ ਭਾਰਤੀ ਮੂਲ ਦਾ ਇੱਕ ਇੰਜੀਨੀਅਰ ਅਮਰੀਕਾ ਵਿਚ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਗਿਆ..!

ਵਿਸ਼ਲੇਸ਼ਣ ਕਰਨ ਤੇ ਪਤਾ ਲੱਗਾ..ਸ਼ੁਰੂ ਤੋਂ ਹੀ ਪਹਿਲੇ ਦਰਜੇ ਵਿਚ ਪੜਾਈ..ਵਧੀਆ ਨੌਕਰੀ..ਹਰ ਕੰਮ ਵਿਚ ਅਵਵਲ..ਪਰ ਘਰਦੇ ਇੱਕ ਗਲਤੀ ਕਰ ਗਏ..ਜਿੰਦਗੀ ਵਿਚ ਅਸਫਲ ਹੋਣ ਦੀ ਸੂਰਤ ਵਿਚ ਪਲਾਨ ਨੰਬਰ ਦੋ ਨਹੀਂ ਸਮਝਾ ਸਕੇ..ਦੋ ਹਜਾਰ ਅੱਠ..ਮੰਦੀ ਦੇ ਦੌਰ ਵਿਚ ਵੱਡੇ ਵੱਡੇ ਥੰਮ ਢਹਿ ਢੇਰੀ ਹੋ ਗਏ..

ਇਸਦੀ ਵੀ ਨੌਕਰੀ ਗਈ..ਮਕਾਨ ਗਿਆ..ਬੈੰਕ ਬੈਲੇਂਸ..ਸਭ ਕੁਝ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਿਆ..

ਸਮਝ ਨਾ ਆਵੇ ਕੇ ਹੁਣ ਕੀਤਾ ਕੀ ਜਾਵੇ..ਅਖੀਰ ਸਣੇ ਪਰਿਵਾਰ ਏਡਾ ਵੱਡਾ ਕਦਮ ਚੁੱਕ ਲਿਆ! 

ਆਓ ਵਰਤਮਾਨ ਵੱਲ ਮੁੜਦੇ ਹਾਂ..

ਹਿੰਦੁਸਤਾਨ ਵਿਚ ਖੇਤੀ ਸੁਧਾਰ ਬਿੱਲ ਆਪਣੀ ਤੋਰੇ ਤੋਰ ਦਿੱਤਾ ਏ..

ਅਗਲਿਆਂ ਪਾਸ ਵੀ ਕਰਵਾ ਲੈਣਾ..ਜਿੰਨਾ ਮਰਜੀ ਰੌਲਾ ਰੱਪਾ ਪੈਂਦਾ ਰਹੇ..

ਪਰ ਜਿਹੜੀਆਂ ਕੌਮਾਂ ਕੋਲ ਪਲਾਨ ਨੰਬਰ ਦੋ ਨਹੀਂ ਹੁੰਦਾ ਉਹ ਭਾਰੀ ਕੀਮਤ ਚੁਕਾਉਂਦੀਆਂ ਨੇ..!

ਲੀਡਰਸ਼ਿਪ,ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਹੋਰ ਪਾਸੇ ਰੁਝੀਆਂ ਨੇ..ਮਰਨਾ ਤਾਂ ਨਿੱਕੀ ਕਿਰਸਾਨੀ ਨੇ ਹੀ..!

ਬਾਹਰ ਆਉਣ ਦਾ ਰੁਝਾਨ ਹੋਰ ਵਧੇਗਾ..ਵੱਡੇ ਵੱਡੇ ਮਗਰਮੱਛ ਤਿਆਰ ਬੈਠੇ ਨੇ..

ਪਹਿਲਾਂ ਭੁਖਿਆ ਮਾਰਨਗੇ..ਫੇਰ ਕੌਡੀਆਂ ਦੇ ਭਾਅ ਜਮੀਨ ਲੈਣਗੇ..ਫੇਰ ਚੰਮ ਦੀਆਂ ਚਲਾਉਣਗੇ..!

ਸੋ ਮੂਸੇਵਾਲੇ ਅਤੇ ਮਾਨ ਵਾਲੇ ਮਸਲਿਆਂ ਵੱਲੋਂ ਧਿਆਨ ਹਟਾ ਕੇ ਕਿਸੇ ਬੈਕ-ਅੱਪ ਪਲਾਨ ਬਾਰੇ ਸੋਚਿਆ ਜਾਵੇ..

ਚਿੜੀ ਦੇ ਪਹੁੰਚੇ ਜਿੱਡਾ ਮੁਲਖ..ਇਸਰਾਈਲ..

ਸਬਜੀਆਂ ਅਤੇ ਕਣਕ ਕਦੀ ਬਾਹਰੋਂ ਨਹੀਂ ਮੰਗਵਾਉਂਦਾ..ਥੋੜੀ ਜਮੀਨ..ਨਾ ਮਾਤਰ ਜਿਹਾ ਪਾਣੀ..ਉੱਤੋਂ ਅਰਬ ਮੁਲਖਾਂ ਵਿਚ ਪੂਰੀ ਤਰਾਂ ਘਿਰਿਆ ਹੋਇਆ..ਫੇਰ ਵੀ ਉੱਚ ਦਰਜੇ ਦੀਆਂ ਸੂਖਮ ਤਕਨੀਕਾਂ ਨਾਲ ਲੈਸ..ਅੱਤ ਦਰਜੇ ਦੀ ਆਧੁਨਿਕ ਮਿਲਿਟਰੀ..ਹਵਾਈ ਫੌਜ..ਜਸੂਸੀ ਸੰਸਥਾ ਵੀ ਅੱਤ ਦਰਜੇ ਦੀ..ਅਵੇਸਲੇ ਬਿਲਕੁਲ ਵੀ ਨਹੀਂ..ਹਰ ਵੇਲੇ ਚੌਕਸ..!

ਹਾਲੈਂਡ..

ਪੰਜਾਬ ਨਾਲੋਂ ਅੱਧਾ ਰਕਬਾ..ਹੈ ਵੀ ਸਮੁੰਦਰ ਦੇ ਤਲ ਤੋਂ ਨੀਵਾਂ..ਫੁੱਲਾਂ ਦੀ ਖੇਤੀ ਵਿਚ ਦੁਨੀਆਂ ਵਿਚ ਨਾਮ..ਪੈਰ ਪੈਰ ਤੇ ਹਾਕੀ ਦੇ ਬਨਾਉਟੀ ਘਾਹ ਵਾਲੇ ਮੈਦਾਨ..ਤਾਕਤਵਰ ਟੀਮ..ਟੂਰਿਜ਼ਮ..ਸੈਰ ਸਪਾਟਾ..ਮੈਡੀਕਲ..ਰਹਿਣ ਸਹਿਣ..ਸਭ ਕੁਝ ਟਾਪ ਕਲਾਸ..ਇਹ ਸਾਰਾ ਕੁਝ ਰਾਤੋ ਰਾਤ ਨਹੀਂ ਬਣ ਗਿਆ..ਘਾਲਣਾ ਘਾਲੀਆਂ..ਹੋਰ ਵੀ ਅਨੇਕਾਂ ਉਧਾਹਰਣਾ..ਗੱਲ ਲੰਮੀ ਹੋ ਜਾਣੀ..! 

ਦੱਸਦੇ ਇੱਕ ਵਾਰ ਇੱਕ ਗੋਰੀ ਦੀ ਛੱਤ ਤੇ ਇੱਕ ਰਿੱਛ ਚੜ ਗਿਆ..

ਉਸਨੇ ਇੱਕ ਮਾਹਿਰ ਮੰਗਵਾ ਲਿਆ..ਉਸਨੇ ਆਉਂਦਿਆਂ ਸਭ ਤੋਂ ਪਹਿਲਾਂ ਥੱਲੇ ਇੱਕ ਪਿੱਟ-ਬੁੱਲ ਕੁੱਤਾ ਖੁੱਲ੍ਹਾ ਛੱਡ ਦਿੱਤਾ ਤੇ ਫੇਰ ਇੱਕ ਡਾਂਗ ਅਤੇ ਬੰਦੂਕ ਲੈ ਕੇ ਛੱਤ ਤੇ ਚੜ ਗਿਆ..

ਫੇਰ ਹੌਲੀ ਜਿਹੀ ਜਾ ਬੈਠੇ ਹੋਏ ਰਿੱਛ ਦੇ ਪਿੱਛਿਓਂ ਹੁੱਝ ਮਾਰੀ..ਰਿੱਛ ਥੱਲੇ ਜਾ ਪਿਆ..ਨਾਲ ਹੀ ਥੱਲੇ ਘੁੰਮਦੇ ਪਿੱਟ ਬੁੱਲ ਨੇ ਉਸਦੀ ਧੌਣ ਮੂੰਹ ਵਿਚ ਦੇ ਲਈ! 

ਪੈਸੇ ਦੇਣ ਲੱਗੀ ਤਾਂ ਪੁੱਛ ਲਿਆ ਕੇ ਡਾਂਗ ਵਾਲੀ ਗੱਲ ਤਾਂ ਸਮਝ ਆਉਂਦੀ ਏ ਪਰ ਛੱਤ ਤੇ ਬੰਦੂਕ ਦਾ ਕੀ ਕੰਮ ਸੀ..?

ਆਖਣ ਲੱਗਾ ਕੇ ਜੇ ਉੱਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਰਿੱਛ ਮੈਨੂੰ ਹੇਠਾਂ ਸੁੱਟ ਦਿੰਦਾ ਤਾਂ ਹੇਠਾਂ ਡਿੱਗੇ ਨੂੰ ਥੱਲੇ ਘੁੰਮਦੇ ਪਿੱਟ-ਬੁੱਲ ਨੇ ਨਹੀਂ ਸੀ ਛੱਡਣਾ..ਸੋ ਇਹ ਬੰਦੂਕ ਹੇਠਾਂ ਡਿੱਗ ਪੈਣ ਦੀ ਸੂਰਤ ਵਿਚ ਪਿੱਟ-ਬੁੱਲ ਨੂੰ ਮਾਰ ਦੇਣ ਵਾਲੇ ਮੇਰੇ ਪਲੈਨ ਨੰਬਰ ਦੋ ਦਾ ਹੀ ਹਿੱਸਾ ਸੀ..! 

ਸੋ ਦੋਸਤੋ ਜਿੰਦਗੀ ਵਿਚ ਵਿਚਰਦਿਆਂ ਹਰ ਕੰਮ ਵਿਚ ਪਲੈਨ ਨੰਬਰ ਦੋ ਲੈ ਕੇ ਚੱਲਣਾ ਓਨਾ ਹੀ ਜਰੂਰੀ ਏ ਜਿੰਨਾ ਇੰਗਲੈਂਡ ਵਰਗੇ ਮੁਲਖ ਵਿਚ ਖਿੜੀ ਹੋਈ ਧੁੱਪ ਵਾਲੇ ਦਿਨ ਵੀ ਘਰੋਂ ਫੋਲਡ ਕੀਤੀ ਛਤਰੀ ਨਾਲ ਲੈ ਕੇ ਤੁਰਨਾ!

ਪਰ ਸਾਡੀ ਮਾਨਸਿਕਤਾ ਇੰਝ ਦੀ ਬਣਾ ਦਿੱਤੀ ਗਈ ਏ ਕੇ ਮੀਂਹ ਹਟਣ ਮਗਰੋਂ ਸਾਨੂੰ ਫੋਲਡ ਕੀਤੀ ਛਤਰੀ ਵੀ ਮਣਾਂ ਮੂਹੀਂ ਭਾਰੀ ਲੱਗਣ ਲੱਗਦੀ ਏ..

ਡਾਕਟਰ ਕੋਲ ਤੰਗ ਨਜਰ ਦਾ ਤੇ ਇਲਾਜ ਹੈ ਪਰ ਤੰਗ ਨਜਰੀਏ ਦਾ ਨਹੀਂ..ਇਹ ਬੰਦੇ ਨੂੰ ਖ਼ੁਦ ਆਪਣੇ ਆਪ ਹੀ ਬਦਲਣਾ ਪੈਂਦਾ ਹੈ..!

ਸੁਰਿੰਦਰਜੀਤ ਸਿੰਘ ਸੰਧੂ