ਰੋਨਾਲਡੋ ਨੇ ਕੌਮਾਂਤਰੀ ਫੁੱਟਬਾਲ ਵਿੱਚ 100 ਗੋਲ ਕਰ ਰਚਿਆ ਇਤਿਹਾਸ

ਮੈਡਰੇਡ ਅਤੇ ਮਾਨਚੈਸਟਰ ਯੂਨਾਈਟਡ ਦੇ ਰਹਿ ਚੁੱਕੇ ਦਿਗਜ਼ ਫੁੱਟਬਾਲ ਖਿਡਾਰੀ ਨੇ ਕੀਤਾ ਵੱਡਾ ਮੀਲ ਪੱਥਰ ਤਹਿ

ਸਟਾਕਹੋਮ/ਮਾਨਚੈਸਟਰ, ਸਤੰਬਰ 2020 -(ਅਮਨਜੀਤ ਸਿੰਘ ਖਹਿਰਾ)- ਪੁਰਤਗਾਲ ਦੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਸਵੀਡਨ ਖ਼ਿਲਾਫ਼ ਦੋ ਗੋਲ ਦਾਗਣ ਦੇ ਨਾਲ ਹੀ ਕੌਮਾਂਤਰੀ ਫੁੱਟਬਾਲ 'ਚ ਇਤਿਹਾਸ ਰਚ ਦਿੱਤਾ। ਰੋਨਾਲਡੋ ਕੌਮਾਂਤਰੀ ਫੁੱਟਬਾਲ 'ਚ 100 ਗੋਲ ਦਾਗਣ ਵਾਲੇ ਦੁਨੀਆ ਦੇ ਦੂਜੇ ਅਤੇ ਯੂਰਪ ਦੇ ਪਹਿਲੇ ਫੁੱਟਬਾਲਰ ਬਣ ਗਏ ਹਨ। ਰੋਨਾਲਡੋ ਨੇ ਇਹ ਉਪਲੱਬਧੀ ਮੰਗਲਵਾਰ ਨੂੰ ਪੁਰਤਗਾਲ ਦੀ ਨੇਸ਼ਨਜ਼ ਲੀਗ ਵਿਚ ਸਵੀਡਨ 'ਤੇ 2-0 ਨਾਲ ਜਿੱਤ ਦੌਰਾਨ ਹਾਸਲ ਕੀਤੀ। ਉਨ੍ਹਾਂ 25 ਮੀਟਰ ਦੀ ਦੂਰੀ ਨਾਲ ਫ੍ਰੀ ਕਿੱਕ 'ਤੇ ਟੀਮ ਵੱਲੋਂ ਪਹਿਲਾ ਗੋਲ ਦਾਗਿਆ ਅਤੇ ਇਸ ਤਰ੍ਹਾਂ ਨਾਲ ਕੌਮਾਂਤਰੀ ਫੁੱਟਬਾਲ ਵਿਚ ਗੋਲਾਂ ਦਾ ਸੈਂਕੜਾ ਪੂਰਾ ਕੀਤਾ। ਆਪਣਾ 165ਵਾਂ ਮੈਚ ਖੇਡ ਰਹੇ ਰੋਨਾਲਡੋ ਤੋਂ ਪਹਿਲਾਂ ਸਿਰਫ਼ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਨੇ ਹੀ ਕੌਮਾਂਤਰੀ ਫੁੱਟਬਾਲ 'ਚ ਗੋਲਾਂ ਦਾ ਸੈਂਕੜਾ ਪੂਰਾ ਕੀਤਾ ਸੀ। ਰੋਨਾਲਡੋ ਨੇ ਕਿਹਾ, 'ਮੈਂ 100 ਗੋਲ ਕਰਨ ਦੀ ਉਪਲੱਬਧੀ ਨੂੰ ਛੂਹਣ 'ਚ ਸਫਲ ਰਿਹਾ ਅਤੇ ਹੁਣ ਮੈਂ ਰਿਕਾਰਡ (109) ਲਈ ਤਿਆਰ ਹਾਂ। ਇਹ ਕਦਮ ਦਰ ਕਦਮ ਹੈ। ਮੈਂ ਜਨੂੰਨੀ ਨਹੀਂ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਰਿਕਾਰਡ ਸੁਭਾਵਿਕ ਤਰੀਕੇ ਨਾਲ ਆਉਂਦੇ ਹਨ।' 35 ਵਰਿ੍ਹਆਂ ਦੇ ਰੋਨਾਲਡੋ ਨੇ ਇਸ ਤੋਂ ਬਾਅਦ ਟੀਮ ਵੱਲੋਂ ਦੂਜਾ ਗੋਲ ਵੀ ਕੀਤਾ। ਉਹ ਹੁਣ ਦੇਈ ਦੇ 109 ਗੋਲ ਦੇ ਰਿਕਾਰਡ ਨੂੰ ਪਿੱਛੇ ਛੱਡਣ ਤੋਂ ਸਿਰਫ਼ ਨੌਂ ਗੋਲ ਪਿੱਛੇ ਹਨ। ਦੇਈ 1993 ਤੋਂ 2006 ਤਕ ਈਰਾਨ ਵੱਲੋਂ ਖੇਡੇ ਸਨ। ਦੱਸਣਯੋਗ ਹੈ ਕਿ ਪੰਜ ਵਾਰ ਦੇ ਸਰਬੋਤਮ ਖਿਡਾਰੀ ਚੁਣੇ ਗਏ ਰੋਨਾਲਡੋ ਦੇ ਨਾਂ 'ਤੇ ਯੂਏਫਾ ਚੈਂਪੀਅਨਜ਼ ਲੀਗ 'ਚ ਸਭ ਤੋਂ ਜ਼ਿਆਦਾ 131 ਗੋਲ ਕਰਨ ਦਾ ਰਿਕਾਰਡ ਵੀ ਹੈ, ਜਿਹੜਾ ਉਨ੍ਹਾਂ ਦੇ ਕਰੀਬੀ ਵਿਰੋਧੀ ਲਿਓਨ ਮੈਸੀ ਤੋਂ 16 ਗੋਲ ਜ਼ਿਆਦਾ ਹੈ। ਉਹ ਲਗਾਤਾਰ 17ਵੇਂ ਸਾਲ ਕੌਮਾਂਤਰੀ ਕੈਲੰਡਰ ਵਿਚ ਗੋਲ ਕਰਨ ਵਿਚ ਸਫਲ ਰਹੇ। ਮੌਜੂਦਾ ਚੈਂਪੀਅਨ ਪੁਰਤਗਾਲ ਦੀ ਟੀਮ ਰੋਨਾਲਡੋ ਦੀ ਵਾਪਲਸੀ ਦੇ ਨਾਲ ਇੱਥੇ ਮੈਚ ਖੇਡਣ ਲਈ ਮੈਦਾਨ 'ਚ ਉਤਰੀ। ਰੋਨਾਲਡੋ ਤਿੰਨ ਦਿਨ ਪਹਿਲਾਂ ਹੀ ਪੈਰ ਦੀਆਂ ਉਂਗਲਾਂ 'ਚ ਸੱਟ ਕਾਰਨ ਪੁਰਤਗਾਲ ਦੀ ਲੀਗ 'ਚ ਪਹਿਲੇ ਮੈਚ 'ਚ ਨਹੀਂ ਖੇਡੇ ਸਨ। ਰੋਨਾਲਡੋ ਨੇ ਹਾਫ ਟਾਈਮ ਤੋਂ ਕੁਝ ਦੇਰ ਪਹਿਲਾਂ ਹੀ 45ਵੇਂ ਮਿੰਟ 'ਚ ਫ੍ਰੀ ਕਿੱਕ ਜ਼ਰੀਏ ਮੈਚ ਦਾ ਪਹਿਲਾ ਗੋਲ ਦਾਗਿਆ।