ਲੁਧਿਆਣਾ,ਸਤੰਬਰ 2020 (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਯਕੀਨੀ ਬਣਾਉਣ ਲਈ ਥਾਂ ਥਾਂ ਉਤੇ ਮੁਫ਼ਤ ਬੁਖਾਰ ਚੈੱਕ ਅਪ ਅਤੇ ਸੈਂਪਲਿੰਗ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵਿਸ਼ੇਸ਼ ਮੁਹਿੰਮ 21 ਦਿਨ ਭਾਵ ਤਿੰਨ ਹਫਤੇ ਚੱਲੇਗੀ, ਜਿਸ ਦੌਰਾਨ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਕੇ ਪੀੜਤ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਕੈਂਪ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਥਾਨਕ ਈ ਐਸ ਆਈ ਹਸਪਤਾਲ ਵਿਖੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਪੀਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅੱਜ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਕੇ ਪੀੜਤ ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾਵੇ। ਇਸ ਬਿਮਾਰੀ ਉਤੇ ਕਾਬੂ ਪਾਉਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਪੰਜ ਹਜ਼ਾਰ ਤੋਂ ਵਧੇਰੇ ਸੈਂਪਲਾਂ ਕੀਤੀ ਜਾ ਰਹੀ ਤਾਂ ਜੌ ਜਲਦ ਤੋਂ ਜਲਦ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਅਜਿਹੇ ਕੈਂਪਾਂ ਵਿੱਚ 30 ਸਾਲ ਤੋਂ ਵਧੇਰੇ ਉਮਰ ਦੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਜਿਹਨਾਂ ਨੂੰ ਕੋਈ ਪਹਿਲਾਂ ਹੀ ਬਿਮਾਰੀ ਹੈ। ਇਸ ਤੋਂ ਇਲਾਵਾ 40 ਸਾਲ ਤੋਂ ਵੱਧ ਉਮਰ ਦਾ ਹਰ ਕੋਈ ਵਿਅਕਤੀ ਆਪਣੀ ਜਾਂਚ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਰੋਜ਼ਾਨਾ ਜਗ੍ਹਾ ਬਦਲ ਕੇ ਲੱਗਿਆ ਕਰੇਗਾ। ਤਾਂ ਜੌ ਇਹਨਾਂ 21 ਦਿਨਾਂ ਵਿੱਚ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕੀਤਾ ਜਾ ਸਕੇ। ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਹਦਾਇਤ ਉੱਪਰ ਕਿਸੇ ਵੀ ਮਰੀਜ਼, ਜੌ ਕਿ ਘਰ ਵਿੱਚ ਹੀ ਇਕਾਂਤਵਾਸ ਹੈ, ਦੇ ਘਰ ਦੇ ਬਾਹਰ ਸਟਿੱਕਰ ਨਹੀਂ ਲਗਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਸਫਲ ਕਰਨ ਲਈ ਆਪਣੇ ਟੈਸਟ ਕਰਾਉਣ ਲਈ ਅੱਗੇ ਆਉਣ ਤਾਂ ਜੌ ਇਸ ਬਿਮਾਰੀ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰ ਆਦਿ ਹਾਜ਼ਰ ਸਨ।