ਗਾਂਧੀ ਤੇ ਖਾਲੜਾ ਦੇ ਹੱਕ ’ਚ ਇਕੱਤਰਤਾ

ਆਕਲੈਂਡ- ਅਪਰੈਲ ਪੰਜਾਬ ਦੀ ਸਿਆਸੀ ਫਿਜ਼ਾ ’ਚ ਬਦਲਾਅ ਦੇਖਣ ਦੇ ਚਾਹਵਾਨ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਵਿਅਕਤੀ ਆਧਾਰਿਤ ਸਿਆਸਤ ਨੂੰ ਹੁਲਾਰਾ ਦੇਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ’ਚ ਇਕੱਤਰਤਾ ਕੀਤੀ ਅਤੇ 15 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਚੋਣ ਫੰਡ ਵਜੋਂ ਇਕੱਠੀ ਕੀਤੀ ਗਈ।
ਬਿਕਰਮਜੀਤ ਸਿੰਘ ਮੱਟਰਾਂ ਅਤੇ ਤਰਨਦੀਪ ਬਿਲਾਸਪੁਰ ਨੇ ਪਹਿਲਾਂ ਸਲਾਈਡ ਸ਼ੋਅ ਅਤੇ ਦਸਤਾਵੇਜ਼ੀ ਫ਼ਿਲਮ ਰਾਹੀਂ ਦੋਵੇਂ ਉਮੀਦਵਾਰਾਂ ਬਾਰੇ ਰੌਸ਼ਨੀ ਪਾਈ। ਉਪਰੰਤ ਪੰਜਾਬ ਤੋਂ ਪੁੱਜੇ ਡਾ. ਬੰਤ ਸਿੰਘ ਨੇ ਡਾ. ਗਾਂਧੀ ਨਾਲ ਸਰਕਾਰੀ ਸੇਵਾ ਦੌਰਾਨ ਬਿਤਾਏ ਪਲ ਯਾਦ ਕੀਤੇ ਅਤੇ ਆਖਿਆ ਕਿ ਉਨ੍ਹਾਂ ਨੇ ਆਪਣੀ ਸਰਕਾਰੀ ਡਾਕਟਰ ਵਜੋਂ ਜ਼ਿੰਮੇਵਾਰੀ ਸੇਵਾ ਭਾਵਨਾ ਨਾਲ ਨਿਭਾਈ ਸੀ। ਡਾ. ਜਸਵੰਤ ਸਿੰਘ ਖਾਲੜਾ ਦੇ ਪੁਰਾਣੇ ਸਾਥੀ ਪਰਮਜੀਤ ਸਿੰਘ ਨੇ ਦੱਸਿਆ ਕਿ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਉਭਾਰਿਆ ਸੀ ਅਤੇ ਆਪਣੀ ਜਾਨ ਵੀ ਪ੍ਰਵਾਹ ਨਹੀਂ ਕੀਤੀ ਸੀ।
ਇਸ ਮੌਕੇ ਪੰਜਾਬ ਦੇ ਆਰਟਿਸਟ ਗੁਰਪ੍ਰੀਤ ਬਠਿੰਡਾ ਵੱਲੋਂ ਪੰਜਾਬ ਅਤੇ ਭਾਰਤ ਦੇ ਹਾਲਾਤ ਬਾਰੇ ਤਿਆਰ ਕੀਤੇ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਪੋਸਟਰਾਂ ਤੋਂ ਇਕੱਤਰ ਹੋਈ ਰਾਸ਼ੀ ਨੂੰ ਵੀ ਚੋਣ ਫੰਡ ਵਿੱਚ ਪਾ ਦਿੱਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਚੋਣ ਫੰਡ ਇਕੱਠਾ ਕਰਨ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਸਭ ਤੋਂ ਵੱਧ 5 ਹਜ਼ਾਰ ਡਾਲਰ ਦਾ ਸਹਿਯੋਗ ਦਿੱਤਾ।