You are here

ਲਾਪਤਾ ਪਾਵਨ ਸਰੂਪਾਂ ਦੀ ਜਾਂਚ ਸੀਬੀਆਈ ਤੋਂ ਹੋਵੇ - ਬ੍ਰਹਮਪੁਰਾ

ਲੌਂਗੋਵਾਲ ਅਤੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ

ਅੰਮਿ੍ਤਸਰ , ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਘੱਟ ਹੋਏ ਪਾਵਨ ਸਰੂਪਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸਬੰਧਤ ਅਧਿਕਾਰੀਆਂ ਕੋਲੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਕੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੜ੍ਹਦੀ ਕਲਾ ਲਈ ਅਤੇ ਧਰਮ ਦੀ ਸੇਵਾ ਕਰਨ ਲਈ ਬਣੀ ਸੀ। ਅੰਗਰੇਜ਼ ਸਾਮਰਾਜ ਦੌਰਾਨ ਜੋ ਭਾਰਤੀਆਂ ਨੇ ਤਸੀਹੇ ਸਹੇ ਸਨ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਉਨ੍ਹਾਂ ਸਮੇਂ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਖ਼ਿਲਾਫ਼ ਮੋਰਚੇ ਲਾ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ, ਪਰ ਹੁਣ ਵਾੜ ਹੀ ਵਾੜ ਨੂੰ ਖਾਣ ਲੱਗ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਸੁਧਾਰ ਤਾਂ ਕੀ ਕਰਨਾ, ਇਹ ਆਪਣੇ ਹੀ ਘਰ ਭਰਨ ਲੱਗੇ ਹਨ।

ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰੇ ਕੰਮਾਂ ਦਾ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਹਨ, ਜਿਨ੍ਹਾਂ ਤੋਂ ਬਿਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਕਮੇਟੀ 'ਚ ਪੱਤਾ ਵੀ ਨਹੀਂ ਹਿੱਲਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਨੀਆ ਭਰ ਵਿਚ ਬਦਨਾਮ ਕਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂਚ ਵਾਲੀ ਰਿਪੋਰਟ ਜਨਤਕ ਕਰੇ ਤੇ ਦੱਸੇ ਕਿ ਆਖਿਰ 328 ਸਰੂਪ ਹਨ ਕਿੱਥੇ? ਇਸ ਦੀ ਸਜ਼ਾ ਸਿਰਫ਼ ਤੇ ਸਿਰਫ਼ ਫਾਂਸੀ ਹੋਣੀ ਚਾਹੀਦੀ ਹੈ।