ਫਰੀਦਕੋਟ, ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਮੋਗਾ ਜ਼ਿਲ੍ਹੇ ਦੇ ਠੱਠੀ ਭਾਈ ਦੇ ਰਹਿਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹਸਪਤਾਲ ਦੀ ਦੂਜੀ ਮੰਜਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਅਵਤਾਰ ਸਿੰਘ ਉਰਫ਼ ਗੋਰਾ ਪੁੱਤਰ ਸੋਹਣ ਸਿੰਘ ਵਜੋਂ ਹੋਈ। ਗੋਰਾ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਪਿਸ਼ਾਬ ਕਰਨ ਜਾਣ ਸਮੇਂ ਸੀਵਰੇਜ ਪਾਈਪ 'ਚ ਪੈਰ ਪੈਣ ਤੋਂ ਬਾਅਦ ਦੂਜੀ ਮੰਜਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਇਸ ਮੌਤ ਨੂੰ ਡਾਕਟਰਾਂ ਦੀ ਵੱਡੀ ਲਾਪਰਵਾਹੀ ਦੱਸਿਆ।ਉਨ੍ਹਾਂ ਕਿਹਾ ਕਿ ਗੋਰਾ ਨੂੰ 28 ਅਗਸਤ ਨੂੰ ਦੁਪਹਿਰ ਡੇਢ ਕੁ ਵਜੇ ਹੀ ਦਾਖਲ ਕਰਵਾਇਆ ਸੀ। ਉਸ ਸਮੇਂ ਡਾਕਟਰਾਂ ਨੇ ਪਰਿਵਾਰ ਨੂੰ ਮਰੀਜ਼ ਤੋਂ ਦੂਰ ਕਰਨ ਸਮੇਂ ਭਰੋਸਾ ਦਿੱਤਾ ਸੀ ਕਿ ਹੁਣ ਮਰੀਜ਼ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਡਾਕਟਰਾਂ ਨੇ ਉਸ ਨੂੰ ਮੌਤ ਦੇ ਮੂੰਹ 'ਚ ਪੈਣ ਲਈ ਇਕੱਲਾ ਛੱਡ ਦਿੱਤਾ। ਸਿਹਤ ਵਿਭਾਗ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਸੀ। ਮੈਡੀਕਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਰਾਜੀਵ ਜੋਸ਼ੀ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।