ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਵਾਇਰਸ ’ਤੇ ਪਾਈ ਜਿੱਤ, ਰਿਪੋਰਟ ਆਈ ਨੈਗੇਟਿਵ

ਮੋਗਾ,ਅਗਸਤ 2020  (ਕਿਰਨ ਰੱਤੀ ) ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਕਰੋਨਾ ਵਾਇਰਸ ’ਤੇ ਉਸ ਸਮੇਂ ਜਿੱਤ ਹਾਸਿਲ ਕਰ ਲਈ ਜਦੋਂ ਟਰੂਨੈਟ ਮਸ਼ੀਨ ’ਤੇ ਲਏ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ । ਇਸ ਸਮੇਂ ਪਹਿਲੇ ਪ੍ਰਤੀਕ੍ਰਮ ਵਜੋਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਕਰੋਨਾ ’ਤੇ ਫਤਿਹ ਪਾਉਂਦਿਆਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਅਤੇ ਉਹਨਾਂ ਸਮੂਹ ਪੰਜਾਬੀਆਂ ਦੇ ਰਿਣੀ ਹਨ ਜਿਹਨਾਂ ਨੇ ਉਹਨਾਂ ਦੇ ਕਰੋਨਾ ਸੰਕਰਮਿਤ ਹੋਣ ’ਤੇ ਰੱਬ ਸੱਚੇ ਅੱਗੇ ਉਹਨਾਂ ਨੂੰ ਸਿਹਤਯਾਬ ਹੋਣ ਲਈ ਦੁਆਵਾਂ ਦਿੱਤੀਆਂ । ਉਹਨਾਂ ਆਖਿਆ ਕਿ ਉਹ ਡਾਕਟਰਾਂ ਅਤੇ ਸਿਹਤ ਅਮਲੇ ਵੱਲੋਂ ਦਿੱਤੀਆਂ ਸੇਵਾਵਾਂ ਲਈ ਵੀ ਧੰਨਵਾਦੀ ਹਨ । ਵਿਧਾਇਕ ਨੂੰ ਇਹ ਪੁੱਛੇ ਜਾਣ ’ਤੇ ਕਿ ਰਿਪੋਰਟ ਨੈਗੇਟਿਵ ਆਉਣ ’ਤੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਣ ਦੀ ਇੱਛਾ ਹੋਈ ਦੇ ਜਵਾਬ ਵਿਚ ਉਹਨਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੇਰੀ ਇਸ ਫਤਿਹ ਬਾਰੇ ‘ਮਿਸ਼ਨ ਫਤਿਹ’ ਦੇ ਰੂਹੇ ਰਵਾਂਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਜਾਵੇ ਕਿਉਂਕਿ ਮੇਰੇ ਬੀਮਾਰ ਹੋਣ ’ਤੇ ਜਿਸ ਕਦਰ ਉਹਨਾਂ ਆਪਣੇ ਪੁੱਤਰ ਵਾਂਗ ਮੇਰੀ ਮਿਜਾਜ਼ਪੁਰਸ਼ੀ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ ਉਹਨਾਂ ਪਲਾਂ ਤੋਂ ਬਾਅਦ ਮੇਰੀ ਸਿਹਤ ਦਿਨ ਬ ਦਿਨ ਸਾਜ਼ਗਾਰ ਹੁੰਦੀ ਗਈ। ਇਕਾਂਤਵਾਸ ਦੇ ਤਜ਼ਰਬੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਆਪਣਿਆਂ ਤੋਂ ਦੂਰ ਰਹਿਣਾ ਸੱਚਮੁੱਚ ਬਹੁਤ ਔਖਾ ਹੁੰਦੈ ਪਰ ਰਬ ਸੱਚੇ ਦਾ ਸ਼ੁਕਰਾਨਾ ਕਿ ਅੱਜ ਟੈਸਟ ਹੋਣ ਤੇ ਮੈਂ ਕਰੋਨਾ ਤੇ ਜਿੱਤ ਹਾਸਿਲ ਕਰਕੇ, ਮੁੜ ਤੋਂ ਆਪਣੇ ਵੱਡੇ ਪਰਿਵਾਰ ,ਮੋਗਾ ਹਲਕੇ ਦੇ ਆਪਣੇ ਲੋਕਾਂ ਵਿਚਕਾਰ ,ਖੜਾ ਹੋਣ ਦੇ ਕਾਬਲ ਹੋ ਗਿਆ ਹਾਂ । ਉਹਨਾਂ ਕਿਹਾ ਕਿ ਬੇਸ਼ੱਕ ਮੈਂ ਹੌਸਲੇ ਨਾਲ ਇਸ ਬਿਮਾਰੀ ਦਾ ਟਾਕਰਾ ਕੀਤਾ ਪਰ ਮੈਨੂੰ ਅਹਿਸਾਸ ਹੈ ਕਿ ਮੋਗੇ ਦੇ ਹਰ ਬਸ਼ਿੰਦੇ ਨੇ ਮੇਰੇ ਲਈ ਦਿਲੋਂ ਦੁਆਵਾਂ ਕੀਤੀਆਂ। ਉਹਨਾਂ ਭਾਵਕ ਹੁੰਦਿਆਂ ਆਖਿਆ ਕਿ ਇਕਾਂਤਵਾਸ ਵਿਚ ਪਏ ਪਏ ਕਈ ਵਾਰੀ ਉਹਨਾਂ ਦਾ ਗਲ ਭਰ ਆਓਂਦਾ ਸੀ ਤੇ ਸ਼ਾਇਦ ਅੱਖਾਂ ਚ ਨੀਰ ਵੀ ਆ ਜਾਂਦਾ ਸੀ, ਜਦੋਂ ਉਹ ਇਹ ਸੋਚਦੇ ਸਨ ਕਿ ਉਹਨਾਂ ਨੂੰ ਮੋਗਾ ਦੇ ਲੋਕ, ਕਿੰਨਾ ਪਿਆਰ ਬਖਸ਼ਦੇ ਨੇ । ਵਿਧਾਇਕ ਡਾ: ਹਰਜੋਤ ਨੇ ਆਖਿਆ ਕਿ ਉਹ ਤਮਾਮ ਉਮਰ ਆਪਣੇ ਪਿਆਰਿਆਂ ਦੇ ਰਿਣੀ ਰਹਿਣਗੇ ਜਿਹਨਾਂ ਦੀਆਂ ਅਰਦਾਸਾਂ ਸਦਕਾ ਉਹ ਸਿਹਤਯਾਬ ਹੋਏ ਨੇ,ਤੇ ਮੈਂ ਆਪਣੇ ਤੇ ਪੰਜਾਬੀਆਂ ਦੇ ਚਹੇਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਹਿ ਵਿਚ ਆਪਣਾ ਯੋਗਦਾਨ ਪਾਉਣ ਲਈ ਆਪਣਾ ਪਲਾਜ਼ਮਾ ਦੇਣ ਦੀ ਪੇਸਕਸ ਕਰਦਾਂ ਹਾਂ