You are here

ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ ✍️ ਪੂਜਾ

ਸਭ ਤੋਂ ਵੱਧ ਪੜ੍ਹਿਆ ਲਿਖਿਆ ਮੂਰਖ ਅਤੇ ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ
1320ਈ.ਵਿੱਚ ਗਿਆਸਉਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ।ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦੀ ਰਾਜਗੱਦੀ ਉੱਪਰ ਬੈਠਾ ਜਿਸਨੇ 1325 ਤੋਂ 1351ਤਕ ਰਾਜ ਕੀਤਾ।
ਮੁਹੰਮਦ ਬਿਨ ਤੁਗਲਕ ਦਾ ਮੁੱਢਲਾ ਨਾਮ ਫ਼ਖਰ ਉਦੀਨ ਜੂਨਾ ਖਾਂ ਸੀ।ਇਸਦੇ ਪਿਤਾ ਦਾ ਨਾਮ ਗਿਆਸ-ਉਦ-ਦੀਨ ਤੁਗ਼ਲਕ ਅਤੇ ਉਸਦੀ ਮਾਂ ਨੂੰ ਮਖ਼ਦੂਮਾ-ਏ-ਜ਼ਹਾਨ ਵੀ ਕਿਹਾ ਜਾਂਦਾ ਹੈ ਕਿਉਂ ਕਿ ਉਸਨੇ ਹਸਪਤਾਲ ਖੋਲ੍ਹੇ ਸਨ। ਉਸਦੇ ਪਿਤਾ ਨੇ ਮੁਹੰਮਦ ਨੂੰ  ਉਲਗ ਖਾਂ ਦੀ ਉਪਾਧੀ ਦਿੱਤੀ ਸੀ। 1325ਈ.ਵਿੱਚ ਦਿੱਲੀ ਦੇ ਦੌਲਤਖਾਨਾਂ ਨਾਮੀ ਰਾਜ ਮਹਿਲ ਵਿੱਚ ਉਸਦੀ ਤਾਜਪੋਸ਼ੀ ਦੀ ਰਸਮ ਮਨਾਈ ਗਈ ਅਤੇ ਲੋਕਾਂ ਵਿੱਚ ਸੋਨੇ ਚਾਂਦੀ ਦੇ ਸਿੱਕੇ ਵੰਡੇ ਗਏ।ਮੁਹੰਮਦ ਬਿਨ ਤੁਗਲਕ ਇੱਕ ਕਲਾ-ਪ੍ਰੇਮੀ ਅਤੇ ਅਨੁਭਵੀ ਜਰਨੈਲ ਸੀ। ਉਹ ਅਰਬੀ ਭਾਸ਼ਾ ਅਤੇ ਫ਼ਾਰਸੀ ਭਾਸ਼ਾ ਅਤੇ ਖਗੋਲ ਵਿਗਿਆਨ, ਦਰਸ਼ਨ, ਗਣਿਤ, ਦਵਾਈ, ਵਿਗਿਆਨ, ਤਰਕ ਆਦਿ ਵਿੱਚ ਨਿਪੁੰਨ ਸੀ।ਇੱਕ ਰਾਜਮੁੰਦਰੀ ਸ਼ਿਲਾਲੇਖ ਵਿੱਚ, ਮੁਹੰਮਦ ਤੁਗਲਕ ਨੂੰ ਦੁਨੀਆ ਦਾ ਖਾਨ ਕਿਹਾ ਗਿਆ ਹੈ। ਸ਼ਾਇਦ ਮੁਹੰਮਦ ਤੁਗਲਕ ਸਾਰੇ ਮੱਧਕਾਲੀ ਸੁਲਤਾਨਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਅਤੇ ਕਾਬਲ ਵਿਅਕਤੀ ਸੀ। ਆਪਣੀਆਂ ਮਨਘੜਤ ਯੋਜਨਾਵਾਂ, ਜ਼ਾਲਮ-ਕਾਰਵਾਈਆਂ ਅਤੇ ਦੂਜਿਆਂ ਦੇ ਸੁੱਖ-ਦੁੱਖ ਦੀ ਅਣਦੇਖੀ ਕਾਰਨ ਇਸ ਨੂੰ 'ਸੁਪਨੇਹੀਣ', 'ਪਾਗਲ' 'ਲਹੂ-ਭੁੱਖਾ' ਅਤੇ ਪੜ੍ਹਿਆ ਲਿਖਿਆ ਮੂਰਖ ਕਿਹਾ ਗਿਆ ਹੈ।
ਜਦੋਂ ਮੁਹੰਮਦ ਤੁਗਲਕ ਗੱਦੀ 'ਤੇ ਬੈਠਾ ਤਾਂ ਦਿੱਲੀ ਸਲਤਨਤ ਨੂੰ 23 ਸੂਬਿਆਂ ਵਿਚ ਵੰਡਿਆ ਹੋਇਆ ਸੀ।ਆਪਣੀ ਪਹਿਲੀ ਯੋਜਨਾ ਰਾਹੀਂ, ਮੁਹੰਮਦ ਤੁਗਲਕ ਨੇ ਦੁਆਬ ਦੇ ਉਪਜਾਊ ਖੇਤਰ ਵਿੱਚ ਟੈਕਸ ਵਧਾ ਦਿੱਤਾ।ਉਸਨੇ ਖੇਤੀਬਾੜੀ ਦੇ ਵਿਕਾਸ ਲਈ 'ਦੀਵਾਨ-ਏ-ਅਮੀਰ ਕੋਹੀ' ਨਾਂ ਦਾ ਨਵਾਂ ਵਿਭਾਗ ਸਥਾਪਿਤ ਕੀਤਾ।ਉਸਦੀ ਆਪਣੀ ਦੂਜੀ ਯੋਜਨਾ ਤਹਿਤ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਵਿੱਚ ਤਬਦੀਲ ਕਰ ਦਿੱਤੀ।ਦੇਵਗਿਰੀ ਨੂੰ "ਕੁਵਤੁਲ ਇਸਲਾਮ" ਵੀ ਕਿਹਾ ਜਾਂਦਾ ਹੈ। ਸੁਲਤਾਨ ਕੁਤਬੁੱਦੀਨ ਮੁਬਾਰਕ ਖਿਲਜੀ ਨੇ ਦੇਵਗਿਰੀ ਦਾ ਨਾਂ ਕੁਤੁਬਾਬਾਦ' ਰੱਖਿਆ ਅਤੇ ਮੁਹੰਮਦ ਬਿਨ ਤੁਗਲਕ ਨੇ ਇਸ ਦਾ ਨਾਂ ਬਦਲ ਕੇ ਦੌਲਤਾਬਾਦ ਰੱਖਿਆ।ਤੀਸਰੀ ਯੋਜਨਾ ਦੇ ਤਹਿਤ ਮੁਹੰਮਦ ਤੁਗਲਕ ਨੇ ਸਿੱਕੇ ਅਤੇ ਪ੍ਰਤੀਕਾਤਮਕ ਸਿੱਕੇ ਪ੍ਰਚਲਿਤ ਕੀਤੇ। ਐਡਵਰਡ ਥਾਮਸ ਨੇ ਸਿੱਕਿਆਂ ਦੀ ਵੱਖ-ਵੱਖ ਵਰਤੋਂ ਕਾਰਨ ਉਸ ਨੂੰ 'ਅਮੀਰਾਂ ਦਾ ਰਾਜਕੁਮਾਰ' ਕਿਹਾ ਹੈ। ਮੁਹੰਮਦ ਤੁਗਲਕ ਨੇ ‘ਦੋਕਾਨੀ’ ਨਾਂ ਦਾ ਸਿੱਕਾ ਚਲਾਇਆ।ਉਸਨੇ ਸੋਨੇ ਅਤੇ ਚਾਂਦੀ ਦੇ ਸਿਕਿਆ ਦੀ ਥਾਂ ਤਾਂਬੇ ਦੇ ਸਿੱਕੇ ਚਲਾਏ।ਚਾਂਦੀ ਦੇ ਸਿੱਕੇ ਨੂੰ ਟੰਕਾ ਅਤੇ ਤਾਂਬੇ ਦੇ ਸਿੱਕੇ ਨੂੰ ਜੀਤਲ ਕਿਹਾ ਜਾਂਦਾ ਸੀ।ਚੌਥੀ ਯੋਜਨਾ ਤਹਿਤ ਮੁਹੰਮਦ ਤੁਗਲਕ ਦੀਆਂ ਖੁਰਾਸਾਨ ਅਤੇ ਕਰਾਚੀ ਦੀਆਂ ਜਿੱਤਾਂ ਦਾ ਜ਼ਿਕਰ ਕੀਤਾ ਗਿਆ ਹੈ। ਖੁਰਾਸਾਨ ਨੂੰ ਫਤਹਿ ਕਰਨ ਲਈ ਮੁਹੰਮਦ ਤੁਗਲਕ ਨੇ 370,000 ਸੈਨਿਕਾਂ ਦੀ ਵੱਡੀ ਫੌਜ ਨੂੰ ਇਕ ਸਾਲ ਦੀ ਅਗਾਊਂ ਤਨਖਾਹ ਦਿੱਤੀ, ਪਰ ਰਾਜਨੀਤਿਕ ਤਬਦੀਲੀਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋ ਗਿਆ, ਜਿਸ ਕਾਰਨ ਸੁਲਤਾਨ ਦੀ ਇਹ ਯੋਜਨਾ ਅਸਫਲ ਰਹੀ ਅਤੇ ਉਸ ਨੂੰ ਆਰਥਿਕ ਤੌਰ 'ਤੇ ਨੁਕਸਾਨ ਸਹਿਣਾ ਪਿਆ।
ਸਭ ਤੋਂ ਵੱਧ ਬਗ਼ਾਵਤ (34) ਮੁਹੰਮਦ ਬਿਨ ਤੁਗਲਕ ਦੇ ਰਾਜ ਦੌਰਾਨ ਹੋਈਆਂ, ਜਿਨ੍ਹਾਂ ਵਿੱਚੋਂ 27 ਬਗ਼ਾਵਤਾਂ ਇਕੱਲੇ ਦੱਖਣੀ ਭਾਰਤ ਵਿੱਚ ਹੋਈਆਂ।ਆਪਣੇ ਰਾਜ ਦੇ ਅੰਤ ਵਿੱਚ, ਜਦੋਂ ਸੁਲਤਾਨ ਮੁਹੰਮਦ ਤੁਗਲਕ ਨੇ ਗੁਜਰਾਤ ਵਿੱਚ ਵਿਦਰੋਹ ਨੂੰ ਕੁਚਲਣ ਲਈ ਸਿੰਧ ਵੱਲ ਕੂਚ ਕੀਤਾ, ਤਾਂ ਉਹ ਥੱਟਾ ਦੇ ਨੇੜੇ ਗੋਂਡਲ ਦੇ ਰਸਤੇ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ। ਇੱਥੇ 20 ਮਾਰਚ 1351 ਨੂੰ ਸੁਲਤਾਨ ਦੀ ਮੌਤ ਹੋ ਗਈ। ਉਸ ਦੀ ਮੌਤ 'ਤੇ ਇਤਿਹਾਸਕਾਰ ਬਦਾਯੂਨੀ ਨੇ ਕਿਹਾ ਕਿ, "ਸੁਲਤਾਨ ਨੂੰ ਆਪਣੀ ਪਰਜਾ ਤੋਂ ਆਜ਼ਾਦੀ ਮਿਲੀ ਅਤੇ ਪਰਜਾ ਨੂੰ ਆਪਣੇ ਸੁਲਤਾਨ ਤੋਂ ਆਜ਼ਾਦੀ ਮਿਲੀ।"
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)