ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੁੜ ਲਾਗੂ ਹੋਇਆ ਰਾਤ ਦਾ ਕਰਫਿਊ, ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

ਲੁਧਿਆਣਾ, ਜਲੰਧਰ ਅਤੇ ਪਟਿਆਲਾ 'ਚ ਲਾਗੂ ਹੋਣਗੇ ਹੁਕਮ  

ਚੰਡੀਗੜ੍ਹ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

  ਸੂਬੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਤੋਂ ਚਿੰਤਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਇਕ ਵਾਰ ਫਿਰ ਤੋਂ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਸੂਬੇ ਦੇ 3 ਜ਼ਿਲਿਆਂ ਵਿੱਚ ਹੀ ਲਾਗੂ ਹੋਣਗੇ, ਜਿਨ੍ਹਾਂ ਵਿੱਚ ਲੁਧਿਆਣਾ, ਜਲੰਧਰ ਅਤੇ ਪਟਿਆਲਾ ਸ਼ਾਮਲ ਹਨ। ਇਨ੍ਹਾਂ 3 ਜ਼ਿਲਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਮੁੱਖ ਮੰਤਰੀ ਵਲੋਂ ਜਾਰੀ ਹੁਕਮਾਂ ਤਹਿਤ ਇਨ੍ਹਾਂ ਤਿੰਨਾਂ ਜ਼ਿਲਿਆਂ ਵਿੱਚ ਸ਼ਨੀਵਾਰ ਤੋਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਮੁੱਖ ਮੰਤਰੀ ਨੇ ਸ਼ੁੱਕਰਵਾਰ 'ਕੈਪਟਨ ਨੂੰ ਸਵਾਲ' ਪ੍ਰਰੋਗਰਾਮ ਤਹਿਤ ਫੇਸਬੁੱਕ ਲਾਈਵ ਦੌਰਾਨ ਕਿਹਾ ਕਿ ਸੂਬੇ 'ਚ ਕੋਰੋਨਾ ਦੇ 20,891 ਮਰੀਜ਼ ਹੋ ਗਏ ਹਨ, ਜਦੋਂਕਿ ਵੀਰਵਾਰ ਨੂੰ ਇਕ ਦਿਨ ਵਿਚ ਹੀ 1,050 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਵਿਅਕਤੀ ਮਾਸਕ ਨਹੀਂ ਪਾਉਂਦਾ, ਉਸ ਨੂੰ ਇਕ ਘੰਟੇ ਲਈ ਮੌਕੇ 'ਤੇ ਖੜ੍ਹਾ ਕਰ ਕੇ ਸਜ਼ਾ ਦਿੱਤੀ ਜਾਵੇ ਅਤੇ ਇਹ ਕਾਰਵਾਈ ਇਕ ਹਫ਼ਤੇ ਲਈ ਟ੍ਰਾਈਲ ਦੇ ਰੂਪ ਵਿਚ ਕੀਤੀ ਜਾਵੇ। ਅਜਿਹਾ ਕਰਨ ਨਾਲ ਮਾਸਕ ਨਾ ਪਾਉਣ ਵਾਲਿਆਂ ਨੂੰ ਉਲੰਘਣਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਕੈਪਟਨ ਨੇ ਕਿਹਾ ਕਿ ਕੋਰੋਨਾ ਕਾਰਨ ਪੰਜਾਬ 'ਚ 517 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ ਬੀਤੇ ਕੱਲ੍ਹ ਇਕ ਦਿਨ ਵਿਚ ਹੀ 29 ਮੌਤਾਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਕੋਰੋਨਾ ਦੇ ਮਾਮੂਲੀ ਲੱਛਣ ਆਉਣ 'ਤੇ ਡਾਕਟਰ ਦੀ ਸਲਾਹ ਲੈਣ ਤੇ ਟੈਸਟ ਕਰਵਾਉਣ ਦੀ ਅਪੀਲ ਕੀਤੀ। ਕੈਪਟਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਪਾਜ਼ੇਟਿਵ ਪਾਏ ਗਏ ਹਨ ਪਰ ਸਮੇਂ ਸਿਰ ਟੈਸਟ ਕਰਵਾਉਣ ਅਤੇ ਡਾਕਟਰ ਦੀ ਸਲਾਹ ਲੈਣ 'ਤੇ ਬਚਾਅ ਵੀ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਦੇ ਇਲਾਜ ਲਈ ਸਮੇਂ-ਸਮੇਂ 'ਤੇ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦੀ ਬਜਾਏ ਸਰਕਾਰੀ ਹਸਪਤਾਲਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਸਬੰਧੀ ਸਾਰੀਆਂ ਸਹੂਲਤਾਂ ਉਪਲੱਬਧ ਹਨ।