ਚੰਡੀਗੜ੍ਹ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 20 ਹਜ਼ਾਰ ਨੂੰ ਪਾਰ ਕਰ ਗਿਆ ਹੈ। ਬੁੱਧਵਾਰ ਨੂੰ ਸੂਬੇ 'ਚ ਰਿਕਾਰਡ 1015 ਮਰੀਜ਼ ਕੋਰੋਨਾ ਨਾਲ ਇਨਫੈਕਟਿਡ ਮਿਲੇ। ਇਸ ਦੇ ਨਾਲ ਹੀ 25 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਸੂਬੇ 'ਚ ਕੁਲ ਕੇਸਾਂ ਦੀ ਗਿਣਤੀ 20,518 'ਤੇ ਪੁੱਜ ਗਈ ਹੈ। ਉੱਥੇ ਮਰਨ ਵਾਲਿਆਂ ਦਾ ਅੰਕੜਾ ਵੀ 496 'ਤੇ ਪੁੱਜ ਗਿਆ ਹੈ। ਬੁੱਧਵਾਰ ਨੂੰ ਲੁਧਿਆਣਾ 'ਚ ਮਰੀਜ਼ਾਂ ਦੇ ਅੰਕੜੇ ਨੇ ਤੀਹਰਾ ਸੈਂਕੜਾ ਲਾਇਆ। ਇਕ ਹੀ ਦਿਨ 'ਚ ਇੱਥੇ 306 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ, ਨੌਂ ਲੋਕਾਂ ਦੀ ਮੌਤ ਇੱਥੇ ਹੋਈ ਹੈ। ਪਟਿਆਲਾ 'ਚ ਵੀ ਬੁੱਧਵਾਰ ਨੂੰ 184 ਲੋਕ ਇਨਫੈਕਟਿਡ ਪਾਏ ਗਏ ਤੇ ਪੰਜ ਲੋਕਾਂ ਦੀ ਮੌਤ ਹੋਈ ਹੈ।
ਪਟਿਆਲਾ 'ਚ ਪਹਿਲੀ ਵਾਰੀ ਏਨੀ ਜ਼ਿਆਦਾ ਗਿਣਤੀ 'ਚ ਲੋਕ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉੱਥੋਂ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ। ਜਲੰਧਰ 'ਚ ਵੀ 94 ਲੋਕ ਜਿੱਥੇ ਇਨਫੈਕਟਿਡ ਪਾਏ ਗਏ, ਉੱਥੇ ਚਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਫ਼ਤਹਿਗੜ੍ਹ ਸਾਹਿਬ 'ਚ 14 ਮਰੀਜ਼ ਪਾਜ਼ੇਟਿਵ ਪਾਏ ਗਏ। ਇਨ੍ਹਾਂ 'ਚ ਐੱਸਡੀਐੱਮ ਵੀ ਸ਼ਾਮਲ ਹੈ। ਐੱਸਡੀਐੱਮ ਦੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਬੱਸੀ ਪਠਾਨਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਸਮੇਤ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਤੇ ਐੱਸਐੱਸਪੀ ਇਕਾਂਤਵਾਸ 'ਚ ਚਲੇ ਗਏ ਹਨ। ਇਹ ਸਾਰੇ ਲੋਕ ਐੱਸਡੀਐੱਮ ਦੇ ਨਾਲ ਇਕ ਸਮਾਗਮ 'ਚ ਸ਼ਾਮਲ ਹੋਏ ਸਨ। ਉੱਥੇ, ਬਠਿੰਡਾ 'ਚ 75, ਅੰਮ੍ਰਿਤਸਰ 'ਚ 67 ਤੇ ਮੋਹਾਲੀ 'ਚ 62 ਲੋਕ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ 'ਚ ਪਾਏ ਜਾ ਰਹੇ ਹਨ। ਲੁਧਿਆਣਾ 'ਚ ਤਿੰਨ ਵਾਰੀ ਪਹਿਲਾਂ ਇਕ ਹੀ ਦਿਨ 'ਚ ਦੋ ਸੌ ਤੋਂ ਪਾਰ ਮਰੀਜ਼ ਇਨਫੈਕਟਿਡ ਪਾਏ ਜਾ ਚੁੱਕੇ ਹਨ। ਮਰੀਜ਼ਾਂ ਦਾ ਏਨੀ ਜ਼ਿਆਦਾ ਗਿਣਤੀ 'ਚ ਇਨਫੈਕਟਿਡ ਪਾਏ ਜਾਣ ਦਾ ਇਕ ਕਾਰਨ ਸੂਬੇ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਟੈਸਟ ਹੋਣਾ ਵੀ ਹੈ। ਸੂਬਾ ਸਰਕਾਰ ਨੇ ਟੈਸਟਾਂ ਦੀ ਰਫ਼ਤਾਰ ਵਧਾਉਣ ਲਈ ਦੋ ਹੋਰ ਲੈਬਾਰਟਰੀਆਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਜਿੱਥੇ ਇਕ ਹੀ ਦਿਨ 'ਚ 11,500 ਟੈਸਟ ਹੋ ਰਹੇ ਹਨ। ਦੋ ਹੋਰ ਲੈਬਾਰਟਰੀਆਂ ਸ਼ੁਰੂ ਹੋਣ ਨਾਲ ਇਨ੍ਹਾਂ ਦੀ ਗਿਣਤੀ 12 ਹਜ਼ਾਰ ਤਕ ਪੁੱਜ ਜਾਵੇਗੀ।