ਮਾਨਸਾ, ਅਗਸਤ 2020 -( ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)-ਸਾਬਕਾ ਸਿਹਤ ਮੰਤਰੀ ਤੇ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਬੁੱਧਵਾਰ ਨੂੰ ਭੀਖੀ ਦੇ ਡੇਰਾ ਬਾਬਾ ਬਲਵੰਤ ਮੁਨੀ ਜੀ 'ਚ ਨਤਮਸਤਕ ਹੋਣ ਹੋਏ। ਡੇਰੇ ਦੇ ਗੱਦੀਨਸ਼ੀਨ ਬਾਬਾ ਦਰਸ਼ਨ ਮੁਨੀ ਜੀ ਕੋਲੋਂ ਆਸ਼ੀਰਵਾਦ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿੰਦੇ ਸਨ ਤੇ ਅੱਜ ਵੀ ਆਪਣੇ ਉਸ ਸਟੈਂਡ 'ਤੇ ਕਾਇਮ ਹਨ ਕਿ ਜੇ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਵਾਪਸੀ ਬਾਰੇ ਕੁਝ ਸੋਚਿਆ ਜਾ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕੇਜਰੀਵਾਲ ਸੱਤਾ 'ਚ ਆਏ ਤਾਂ ਉਨ੍ਹਾਂ ਨੇ ਆਪਣੀ ਸਿਹਤ ਪਾਲਸੀ ਅਰਵਿੰਦ ਕੇਜਰੀਵਾਲ ਸਾਹਮਣੇ ਰੱਖੀ ਸੀ। ਇਸ ਨੂੰ ਮੰਨ ਕੇ ਕੇਜਰੀਵਾਲ ਨੇ ਦਿੱਲੀ 'ਚ ਮੁਹੱਲਾ ਕਲੀਨਿਕ ਖੋਲ੍ਹੇ ਤੇ ਸਿਹਤ ਸੇਵਾਵਾਂ 'ਚ ਚਮਤਕਾਰੀ ਸੁਧਾਰ ਕੀਤੇ। ਪਤੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਕੱਲੇ ਅਜਿਹੇ ਵਿਧਾਇਕ ਹਨ, ਜਿਨ੍ਹਾਂ ਨੇ ਲੋਕਡਾਊਨ ਦੌਰਾਨ ਆਪਣੀ ਜੇਬ 'ਚੋਂ ਕਰੋੜਾਂ ਰੁਪਏ ਖ਼ਰਚ ਕਰ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਹੈ।