You are here

ਹਾਈ ਸਕਿਓਰਿਟੀ ਨੰਬਰ ਪਲੇਟਾਂ ਵੀ ਬਣਨਗੀਆਂ ਟਰੈਕ 'ਤੇ

ਜਗਰਾਓ,ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) 

ਜਗਰਾਓਂ ਦੇ ਲੋਕਾਂ ਨੂੰ ਹੁਣ ਆਪਣੇ ਵਹੀਕਲਾਂ ਦੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਹੁਣ ਮਾਊਸ ਦੀ ਇੱਕ ਕਲਿੱਕ 'ਤੇ ਉਨ੍ਹਾਂ ਨੂੰ ਨੰਬਰ ਪਲੇਟਾ ਲਗਵਾਉਣ ਲਈ ਨਾਲ ਦੀ ਨਾਲ ਹੀ ਅਪੁਆਇੰਟਮੈਂਟ ਮਿਲ ਜਾਵੇਗੀ ਅਤੇ ਉਸ ਤਾਰੀਖ 'ਤੇ ਉਨ੍ਹਾਂ ਦੇ ਵਹੀਕਲ ਦੀ ਨੰਬਰ ਪਲੇਟ ਜਗਰਾਓਂ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਪ੍ਰਰਾਪਤ ਹੋਵੇਗੀ।

ਇਹ ਖੁਸ਼ੀ ਦੀ ਖ਼ਬਰ ਜਗਰਾਓਂ ਦੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਮਿਲਣੀ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਟਰੈਕ ਨਾ ਬਨਣ 'ਤੇ ਲੋਕਾਂ ਨੂੰ ਲੁਧਿਆਣੇ ਕਈ ਦਿਹਾੜੀਆਂ ਗਾਲਣੀਆਂ ਪੈਂਦੀਆਂ ਸਨ। ਜਦ ਦਾ ਜਗਰਾਓਂ ਵਿਖੇ ਡਰਾਈਵਿੰਗ ਟੈਸਟ ਟਰੈਕ ਸਥਾਪਤ ਹੋਇਆ ਹੈ, ਲੱਖਾਂ ਲੋਕ ਇਸ ਦਾ ਲਾਹਾ ਲੈ ਚੁੱਕੇ ਹਨ। ਉਨ੍ਹਾਂ ਟਰੈਕ 'ਤੇ ਤਾਇਨਾਤ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਟਾਫ ਵੱਲੋਂ ਟਰੈਕ ਤੇ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਕੋਰੋਨਾ ਮਹਾਮਾਰੀ 'ਚ ਲੋਕਾਂ ਦੀ ਸਹੂਲਤ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਐਸਡੀਐਮ ਧਾਲੀਵਾਲ ਨੇ ਦੱਸਿਆ ਕਿ ਵਾਹਨਾਂ 'ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੇ ਚਾਹਵਾਨ ਖੁਦ ਹੀ ਵਿਭਾਗ ਦੀ ਸਾਈਟ 'ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਹੋਣ ਦੇ ਨਾਲ ਹੀ ਉਨ੍ਹਾਂ ਨੂੰ ਅਪੁਆਇੰਟਮੈਂਟ ਮਿਲ ਜਾਵੇਗੀ ਅਤੇ ਇਸ ਦਿਨ ਜਗਰਾਓਂ ਟਰੈਕ 'ਤੇ ਨੰਬਰ ਪਲੇਟ ਬਣ ਕੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਇਸ ਟੈਸਟ ਟਰੈਕ ਦੇ ਸਟਾਫ਼ ਵੱਲੋਂ ਬਿਨੈਕਾਰਾਂ ਨਾਲ ਬੜੀ ਸੰਜੀਦਗੀ ਨਾਲ ਪੇਸ਼ ਆਉਂਦਿਆਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਇਲੈਕਸ਼ਨ ਸੈਲ ਅਤੇ ਟੈਸਟ ਟਰੈਕ ਦੇ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਸਰਕਾਰ ਵੱਲੋਂ ਇਸ ਟਰੈਕ 'ਤੇ ਟੈਸਟ ਸਲਾਟ 30 ਤੋਂ ਘਟਾ ਕੇ 8 ਕਰ ਦਿੱਤੇ ਗਏ ਹਨ ਅਤੇ ਜਦੋ ਭਵਿੱਖ 'ਚ ਕੋਰੋਨਾ ਦਾ ਪ੍ਰਭਾਵ ਘਟੇਗਾ ਤਾਂ ਇਹ ਸਲਾਟ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਕਰ ਦਿੱਤੇ ਜਾਣਗੇ। ਇੰਚਾਰਜ ਗਰੇਵਾਲ ਨੇ ਦੱਸਿਆ ਕਿ ਲਾਇਸੈਂਸ ਅਪੁਆਇੰਟਮੈਂਟ ਤਰੀਕ ਵੀ ਮਹੀਨਾ ਪਹਿਲ ਚੱਲ ਰਹੀ ਹੈ ਅਤੇ ਟਰੈਕ 'ਤੇ ਆਉਂਣ ਵਾਲੇ ਬਿਨੈਕਾਰਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾਂ ਭਾਵ ਕਿ ਮੰੂਹ ਢੱਕ ਕੇ, ਸੈਨੇਟਾਈਜ਼ ਕਰਕੇ ਹੀ ਆਉਂਣਾ ਲਾਜ਼ਮੀ ਕੀਤਾ ਗਿਆ ਹੈ।