You are here

 ਕਿਸਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

 546 ਸੂਚੀਬੱਧ ਤੇ 208 ਸਰਕਾਰੀ ਹਸਪਤਾਲਾਂ 'ਚ ਕਰਵਾ ਸਕਣਗੇ ਇਲਾਜ  

ਚੰਡੀਗੜ੍ਹ ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਦਾ ਲਾਭ ਦੇਣ ਲਈ ਅਰਜ਼ੀਆਂ ਦੇਣ ਦਾ ਸਮਾਂ ਵਧਾ ਦਿੱਤਾ ਹੈ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 'ਜੇ' ਫਾਰਮ ਅਤੇ 'ਗੰਨਾ ਤੋਲ ਪਰਚੀ' ਵਾਲੇ ਸਾਰੇ ਯੋਗ ਕਿਸਾਨਾਂ ਪਾਸੋਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਐਲਾਨ ਪੱਤਰ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜ੍ਹਤੀਏ ਕੋਲ 24 ਜੁਲਾਈ ਤਕ ਜਮ੍ਹਾਂ ਕਰਵਾਉਣ ਦੀ ਤਾਰੀਕ ਮਿੱਥੀ ਗਈ ਸੀ, ਜਿਸ ਨੂੰ ਹੁਣ ਵਧਾ ਕੇ 5 ਅਗਸਤ ਕਰ ਦਿੱਤਾ ਗਿਆ ਹੈ। ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ, ਜਿਨ੍ਹਾਂ ਨੂੰ ਸਾਲ ਭਰ ਲਈ ਪੰਜ ਲੱਖ ਰੁਪਏ ਦੀ ਨਕਦੀ ਰਹਿਤ ਇਲਾਜ ਮੁਹੱਈਆ ਹੋਵੇਗਾ।

ਬੁਲਾਰੇ ਨੇ ਦੱਸਿਆ ਕਿ ਸਾਲ 2020-21 ਦੌਰਾਨ 8.70 ਲੱਖ 'ਜੇ' ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਮੰਡੀ ਬੋਰਡ ਵੱਲੋਂ ਇਕ ਜਨਵਰੀ, 2020 ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀਬਾੜੀ ਉਪਜ ਵੇਚਣ ਲਈ 'ਜੇ' ਫਾਰਮ ਹੋਲਰਡਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਇਕ ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਹਨ, ਜੋ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ।

ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਆਪ੍ਰਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਦੁਰਘਟਨਾ ਆਦਿ ਦੇ ਕੇਸਾਂ ਵਰਗੇ ਵੱਡੇ ਆਪ੍ਰਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿਚ ਪੰਜ ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ।