ਥਾਣਾ ਮੁਖੀ ਵੱਲੋਂ ਮੇਰੇ ਲੜਕੇ ਉੱਪਰ ਝੂਠਾ ਕੇਸ ਪਾ ਕੇ ਸਾਡੇ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ- ਅਵਤਾਰ ਸਿੰਘ ਮਹਿਲ ਕਲਾਂ

ਪੁਲਸ ਪ੍ਰਸ਼ਾਸਨ ਵੱਲੋਂ ਨਸ਼ੇ ਦੀ ਆੜ ਹੇਠ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ ਪਰ ਅਸਲ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ- ਨਿਰਭੈ ਸਿੰਘ ਛੀਨੀਵਾਲ 

ਮਹਿਲ ਕਲਾਂ , ਜੁਲਾਈ 2020 (ਗੁਰਸੇਵਕ ਸਿੰਘ ਸੋਹੀ)-  ਅੱਜ ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਹਿਲ ਕਲਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੁਲਿਸ ਵੱਲੋਂ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਇੱਕ ਝੂਠਾ ਕੇਸ ਪਾ ਕੇ ਗੈਂਗਸਟਰ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਸੀ।  ਪਰ ਮਾਨਯੋਗ ਅਦਾਲਤ ਨੇ ਆਪਣਾ ਸਹੀ ਫੈਸਲਾ ਸੁਣਾਉਂਦਿਆਂ ਉਸ ਦੇ ਕਾਫੀ ਕੇਸ ਬਰੀ ਕਰ ਦਿੱਤੇ ਸਨ ।  ਜਿਨ੍ਹਾਂ ਵਿੱਚੋਂ ਕੋਈ ਚਾਰ ਪੰਜ ਕੇਸ ਚੱਲਦੇ ਆ ਰਹੇ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਜਮਾਨਤਾਂ ਵੀ  ਮਿਲ ਚੁੱਕੀਆਂ ਹਨ। ਇਸ ਪਿੱਛੋਂ  ਜਦੋਂ ਉਹ 27 ਮਈ 2022 ਨੂੰ ਘਰ ਆ ਗਿਆ ਸੀ ਕੋਈ ਤਕਰੀਬਨ ਡੇਢ ਮਹੀਨਾ ਉਹ ਘਰ ਵਿੱਚ ਰਿਹਾ।  ਉਸ ਦੀ ਹਾਜ਼ਰੀ ਥਾਣਾ ਟੱਲੇਵਾਲ ਵਿਖੇ ਲੱਗਦੀ ਸੀ । ਉਨ੍ਹਾਂ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ ਲੈਣ 15 ਜੁਲਾਈ 2020 ਨੂੰ ਤਕਰੀਬਨ ਤਿੰਨ ਵਜੇ ਦੇ ਕਰੀਬ ਉਕਤ ਪੁਲਿਸ ਅਧਿਕਾਰੀ ਸਾਡੇ ਘਰ ਮਹਿਲ ਕਲਾਂ ਵਿਖੇ ਆਇਆ ਤਾਂ ਉਹ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ ਨਾਲ ਲੈ ਗਿਆ ਅਤੇ ਮੋਟਰਸਾਈਕਲ ਰਜਿਸਟਰੇਸਨ ਨੰਬਰ ਪੀਬੀ 19 ਅੈਲ 6162 ਵੀ ਨਾਲ ਲੈ ਗਿਆ । ਉਨ੍ਹਾਂ ਕਿਹਾ ਕਿ ਅਸੀਂ ਤਰਲੇ ਮਿੰਨਤਾਂ ਵੀ ਕੀਤੀਆਂ।  ਪਰ ਉਸ ਨੇ ਸਾਡੀ ਕੋਈ ਨਹੀਂ ਸੁਣੀ ਹੁਣ ਸਾਡੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ । ਬਾਅਦ ਵਿੱਚ 16 ਜੁਲਾਈ 2020 ਪਿੰਡ ਸੇਖਾ ਨੇੜੇ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤੀ ਦੇ ਉਲਟ  ਕੇ ਉਸ ਉੱਪਰ ਹੈਰੋਇਨ  305 ਗ੍ਰਾਮ ਪਾ ਦਿੱਤਾ ਹੈ ਅਤੇ ਉਸ ਨਾਲ ਤਿੰਨ ਹੋਰ ਮੁੰਡੇ ਵੀ ਦਿਖਾ ਦਿੱਤੇ । ਉਨ੍ਹਾਂ ਕਿਹਾ ਕਿ ਜਦ ਕਿ ਸਾਡਾ ਬੇਟਾ ਨਾ ਤਾਂ ਸ਼ਰਾਬ ,ਨਾ ਭੁੱਕੀ, ਨਾ ਤੰਬਾਕੂ ਬੀੜੀ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਅਤੇ ਨਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ । ਉਨ੍ਹਾਂ ਕਿਹਾ ਕਿ ਮੇਰੇ ਲੜਕੇ ਨੇ ਬਰਨਾਲਾ ਵਿਖੇ ਗੱਡੀ ਦੀ ਕਿਸ਼ਤ ਭਰਨ ਲਈ ਜਾਣਾ ਸੀ।  ਉਸ ਪਾਸ ਕਿਸ਼ਤਾਂ ਦੇ 23000 ਹਜ਼ਾਰ ਰੁਪਏ ਸੀ ਅਤੇ ਇੱਕ ਆਈ ਫੋਨ ਸੀ ਜੋ ਪੁਲਿਸ ਮੇਰੇ ਬੇਟੇ ਦੇ ਪੈਸੇ ਅਤੇ ਫੋਨ ਵੀ ਨਾਲ ਲੈ ਗਈ ।  ਉਨ੍ਹਾਂ ਕਿਹਾ ਕਿ ਹੁਣ ਪੁਲਿਸ ਸਾਨੂੰ ਇਹ ਕਹਿ ਰਹੀ ਹੈ ਕਿ ਗੁਰਦੀਪ ਸਿੰਘ ਮਾਨਾ ਕੋਰੋਨਾ  ਜਾਂਚ ਰਿਪੋਰਟ ਪਾਜ਼ੀਟਿਵ ਆ ਗਈ ਹੈ । ਪਰ ਉਸ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਹੈ ਸਾਨੂੰ ਖ਼ਦਸ਼ਾ ਹੈ ਕਿ ਪੁਲਸ ਮੇਰੇ ਲੜਕੇ ਗੁਰਦੀਪ ਸਿੰਘ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੀ ਹੈ।  ਉਨ੍ਹਾਂ ਕਿਹਾ ਕਿ ਅਗਰ ਜੇਕਰ ਮੇਰੇ ਬੇਟੇ ਦਾ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਪੁਲਸਦੀ ਹੋਵੇਗੀ । ਉਨ੍ਹਾਂ ਨੇ ਮਾਨਯੋਗ ਡੀਜੀਪੀ ਪੰਜਾਬ , ਐਸਐਸਪੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਗਜ਼ਟਿਡ ਜਾ ਸੇਵਾ ਮੁਕਤ ਜੱਜ ਅਤੇ ਸੀ.ਬੀ.ਆਈ ਤੋਂ ਜਾਂਚ ਕਰਵਾ ਕੇ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ।  ਇਸ ਮੌਕੇ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾ,ਲ ਜਸਮੇਲ ਸਿੰਘ ਚੰਨਣਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ ,ਸੀਨੀਅਰ ਆਗੂ ਮਲਕੀਤ ਸਿੰਘ ਮਹਿਲ ਖ਼ੁਰਦ ,ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ ਨੇ ਅਵਤਾਰ ਸਿੰਘ ਵਾਸੀ ਮਹਿਲ ਕਲਾਂ ਦੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਪੁਲਿਸ ਵੱਲੋਂ ਪਾਏ ਪਰਚੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ ਅਤੇ ਨਸ਼ੇ ਦੇ ਅਸਲੀ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ । ਉਨ੍ਹਾਂ ਨੌਜਵਾਨ ਤੇ ਦਰਜ ਕੀਤਾ ਪਰਚਾ ਆਉਂਦੇ ਦਿਨਾਂ ਵਿੱਚ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਤਿੱਖਾ ਸੰਘਰਸ਼ ਵੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਪੂਰੀ ਤਰ੍ਹਾਂ ਪਰਿਵਾਰ ਨਾਲ ਚਟਾਨ ਵਾਗ ਖੜ੍ਹੀ ਹਨ। ਇਸ ਮੌਕੇ ਜਥੇਦਾਰ ਲਾਭ ਸਿੰਘ ਮਹਿਲਕਲਾਂ, ਇਸਤਰੀ ਅਕਾਲੀ ਦਲ ਦੀ ਆਗੂ ਚਰਨਜੀਤ ਕੌਰ ਮਹਿਲ ਕਲਾਂ ,ਪੰਚ  ਮਨਜੀਤ ਕੌਰ ,ਮਾਤਾ ਪਰਮਜੀਤ ਕੌਰ ,ਬੇਟੀ ਮਹਿਕਪ੍ਰੀਤ ਕੌਰ , ਮੇਜਰ ਸਿੰਘ ਕਲੇਰ ,ਅਵਤਾਰ ਸਿੰਘ ,ਮਲਕੀਤ ਸਿੰਘ ,ਜਗਜੀਤ ਸਿੰਘ, ਜਗਤਾਰ ਸਿੰਘ ਰੂਮੀ ਵਾਲੇ ,ਦਰਬਾਰਾ ਸਿੰਘ ਦੇਹੜਕਾ, ਜਗਜੀਤ ਸਿੰਘ, ਸੁਖਜੀਤ ਸਿੰਘ, ਗੁਰਪਾਲ ਸਿੰਘ ਆਦਿ ਵੀ ਹਾਜ਼ਰ ਸਨ।  

ਕੀ ਕਹਿੰਦੇ ਨੇ ਥਾਣਾ ਮੁਖੀ --

ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਮਾਨਾ ਵਾਸੀ ਮਹਿਲ ਕਲਾਂ ਤੇ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਖੇੜੀ ਚਹਿਲਾਂ, ਮਨਪ੍ਰੀਤ ਸਿੰਘ ਮਨੀ ਵਾਸੀ ਮਹਿਤਾ ਅਤੇ ਜਗਸੀਰ ਸਿੰਘ ਸੀਰਾ ਵਾਸੀ ਕੁੱਤੀਵਾਲ (ਬਠਿੰਡਾ ) ਜੋ ਕਿ ਢਿੱਲੋਂ ਨਗਰ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ।ਇਨ੍ਹਾਂ ਦਾ ਇੱਕ ਗੈਂਗ ਬਣਿਆ ਹੋਇਆ ਹੈ ,ਜੋ ਕਿ ਆਮ ਨੌਜਵਾਨਾਂ ਨੂੰ ਬਾਹਰੋਂ ਚਿੱਟਾ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਸਨ ।ਮਾਨਯੋਗ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਹੀ ਇਨ੍ਹਾਂ ਨੂੰ   ਸੇਖਾ ਰੇਲਵੇ ਸਟੇਸ਼ਨ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ । ਇਨ੍ਹਾਂ ਪਾਸੋਂ ਪੁਲਿਸ ਨੇ ਤਿੰਨ ਸੌ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਿਤੀ 16.7.2020 ਉਕਤ ਮੁੱਕਦਮਾ ਨੰਬਰ 111  ਦਰਜ ਕੀਤਾ ਹੈ । ਉਨ੍ਹਾਂ ਕਿਹਾ ਕਿ ਜੋ ਗੁਰਦੀਪ ਸਿੰਘ ਮਾਨਾ ਦੇ ਪਰਿਵਾਰ ਵੱਲੋਂ ਪੁਲਸ ਤੇ ਝੂਠਾ ਕੇਸ ਦਰਜ ਕਰਨ ਦਾ ਇਲਜ਼ਾਮ ਲਗਾਇਆ ਹੈ ਉਹ ਸਰਾਸਰ ਝੂਠਾ ਹੈ।  ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ ।ਸ.  ਢਿੱਲੋ ਨੇ ਕਿਹਾ ਕਿ ਗੁਰਦੀਪ ਸਿੰਘ ਮਾਨਾ ਜੋ ਕਿ ਇੱਕ ਗੈਂਗਸਟਰ ਟਾਇਪ ਦਾ ਵਿਅਕਤੀ ਹੈ । ਜਿਸ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਲੜਾਈ, ਨਸ਼ਾ ਤੇ ਹੋਰ  ਮਾਮਲਿਆਂ ਵਿੱਚ 30-35  ਦੇ ਕਰੀਬ ਮੁਕੱਦਮੇ ਦਰਜ ਹਨ ।ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਮਾਨਾਂ ਨੇ ਪੁੱਛਗਿਛ ਦੌਰਾਨ  ਦੱਸਿਆ  ਕਿ ਇਸ ਦਾ ਇੱਕ ਸਾਥੀ ਟਾਈਗਰ ਚੋਹਲਾ ਸਾਹਿਬ ਤੋਂ ਹੈ  ।ਇਸ ਦੀ ਹੀ ਪਹਿਚਾਣ ਵਾਲਾ ਕੋਈ ਵਿਅਕਤੀ ਇਨ੍ਹਾਂ ਨੂੰ ਸਾਮਾਨ ਦੀ ਸਪਲਾਈ ਕਰਦਾ ਸੀ ।ਜਿਸ ਦੀ ਪੁਲਿਸ ਡੁੰਘਾਈ ਨਾਲ ਜਾਂਚ ਕਰ ਰਹੀ ਹੈ । ਅਖੀਰ ਵਿੱਚ ਉਨ੍ਹਾਂ ਦੁਬਾਰਾ ਫਿਰ ਕਿਹਾ ਕਿ ਪੁਲਿਸ ਲੋਕਾਂ ਦੀ ਸਰੁੱਖਿਆ ਲਈ ਹੈ ਨਾ ਕਿ ਧੱਕੇਸ਼ਾਹੀ ਲਈ।