ਸਲੋਹ/ਲੰਡਨ, ਜੁਲਾਈ 2020 (ਗਿਆਨੀ ਰਾਵਿਦਰਪਾਲ ਸਿੰਘ)- ਸਰਕਾਰ ਵਲੋਂ ਬੀ.ਬੀ.ਸੀ. ਦੀਆਂ ਬਜਟ ਕਟੌਤੀਆਂ ਕਾਰਨ ਬੀ.ਬੀ.ਸੀ. ਨੂੰ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫਤ ਟੀ.ਵੀ. ਲਾਇਸੰਸ ਫੀਸ ਸਹੂਲਤ ਖ਼ਤਮ ਕਰਨਾ ਅਤੇ ਸਥਾਨਕ ਪੱਤਰਕਾਰਾਂ ਨੂੰ ਘਟਾਉਣਾ ਪੈ ਰਿਹਾ ਹੈ। ਪਰ ਕੰਜ਼ਰਵੇਟਿਵ ਪਾਰਟੀ ਨੇ ਚੋਣਾਂ ਦੌਰਾਨ ਇਕੱਲਤਾ ਸਹਿ ਰਹੇ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫ਼ਤ ਟੀ.ਵੀ. ਲਾਇਸੰਸ ਫੀਸ ਸਹੂਲਤ ਦੀ ਰੱਖਿਆ ਕਰਨ ਦੇ ਵਾਅਦੇ ਕੀਤੇ ਸਨ। ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਮੰਤਰੀ ਜੌਹਨ ਵਿਟਿੰਗਡੇਲ ਨੂੰ ਪੁੱਛਿਆ ਕਿ ਕੀ ਉਹ ਮਿਲੀਅਨ ਪੈਨਸ਼ਨਰਾਂ ਅਤੇ ਨੌਕਰੀਆਂ ਗਵਾ ਰਹੇ ਬੀ.ਬੀ.ਸੀ. ਦੇ ਅਮਲੇ ਤੋਂ ਮੁਆਫ਼ੀ ਮੰਗਣਗੇ, ਜਿਸ ਦੇ ਜਵਾਬ ਵਿਚ ਮੰਤਰੀ ਜੌਹਨ ਵਿਟਿੰਗਡੇਲ ਨੇ ਕਿਹਾ ਕਿ ਬੀ.ਬੀ.ਸੀ. ਇੱਕ ਅਜ਼ਾਦ ਸੰਸਥਾ ਹੈ, ਜਿਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੁੰਦਾ, ਬੀ.ਬੀ.ਸੀ. ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮ, ਰੁਜ਼ਗਾਰ, ਲਾਇਸੰਸ ਫੀਸ ਆਦਿ ਲਈ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾਂਦੇ। ਸਾਨੂੰ ਅਫਸੋਸ ਹੈ ਕਿ ਬਜ਼ੁਰਗਾਂ ਦੀ ਮੁਫਤ ਲਾਇਸੰਸ ਫੀਸ ਖ਼ਤਮ ਕਰਨ ਅਤੇ ਸਥਾਨਕ ਪ੍ਰੋਗਰਾਮ ਕੱਟ ਕੀਤੇ ਜਾ ਰਹੇ ਹਨ। ਤਨਮਨਜੀਤ ਸਿੰਘ ਢੇਸੀ ਨੇ ਸਰਕਰ ਤੋਂ ਮੰਗ ਕੀਤੀ ਕਿ ਜੋ ਗਲਤ ਹੈ ਸਰਕਾਰ ਇਸ ਲਈ ਮੁਆਫੀ ਮੰਗੇ ਅਤੇ ਨਾਲ ਇਸ ਸਹੂਲਤ ਨੂੰ ਚਾਲੂ ਰਖਿਆ ਜਾਵੇ।