ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵੱਲੋਂ ਪੰਜ ਰੋਜ਼ਾ ਔਨਲਾਈਨ ਕਾਵਿ ਉਤਸਵ 29 ਜੁਲਾਈ ਤੋਂ 2 ਅਗਸਤ ਤੀਕ ਹੋਵੇਗਾ। 

ਲੁਧਿਆਣਾ, ਜੁਲਾਈ 2020 -(ਇਕਬਾਲ ਸਿੰਘ ਰਸੂਲਪੂਰ  )-ਗੁਜਰਾਂ ਵਾਲਾ ਗੁਰੂ ਨਾਨਕ ਖ਼ਾਲਸਾ  ਕਾਲਿਜ ਸਿਵਿਲ ਲਾਈਨਜ਼,ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜ ਰੋਜ਼ਾ ਕਾਵਿ ਉਤਸਵ (ਸਿਰਜਣਾ ਤੇ ਸੰਵਾਦ) ਦਾ ਆਯੋਜਨ ਮਿਤੀ 29 ਜੁਲਾਈਤੋਂ ਲੈ ਕੇ 2 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ। ਪਹਿਲੇ ਤਿੰਨ ਦਿਨ ਇਹ ਪ੍ਰੋਗਰਾਮ ਸ਼ਾਮ ਪੰਜ ਵਜੇ ਤੇ ਅਖੀਰਲੇ ਦੋ ਦਿਨ ਸਵੇਰੇ ਅੱਠ ਵਜੇ ਜੂਮ ਐਪ ਤੇ ਹੋਵੇਗਾ ਤੇ ਫੇਸਬੁੱਕ ਦੇ ggn media  page ਤੋਂ ਇਸਦਾ ਲਾਈਵ ਪ੍ਰਸਾਰਨ ਕੀਤਾ ਜਾਵੇਗਾ। ਇਹ ਜਾਣਕਾਰੀ ਦੇਂਦਿਆਂ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੇ ਪਹਿਲੇ ਦਿਨ ਦੀ ਪ੍ਰਧਾਨਗੀ ਡਾ. ਸ. ਪ. ਸਿੰਘ, ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ,ਸਾਬਕਾ ਵਾਈਸ ਚਾਂਸਲਰ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅਮਿ੍ੰਤਸਰ ਕਰਨਗੇ। ਉਦਘਾਟਨੀ ਬੋਲ ਡਾ. ਵਨੀਤਾ ,ਸਾਬਕਾ ਪ੍ਰੋਫ਼ੈਸਰ ,ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਨਵੀਂ ਦਿਲੀ ਤੇ ਕਨਵੀਨਰ (ਪੰਜਾਬੀ ) ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਸਾਂਝੇ ਕੀਤੇ ਜਾਣਗੇ। ਟਿੱਪਣੀਕਾਰ ਡਾ. ਸੁਰਜੀਤ ਸਿੰਘ ਭੱਟੀ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਦਿਨ ਦੇ ਕਵੀ ਗੁਰਭਜਨ ਗਿੱਲ  ,ਮਨਜੀਤ ਇੰਦਰਾ, ਬੂਟਾ ਸਿੰਘ ਚੌਹਾਨ,ਗੁਰਤੇਜ ਕੁਹਾਰਵਾਲਾ ਤੇ ਤ੍ਰੈਲੋਚਨ ਲੋਚੀ ਸਰੋਤਿਆਂ ਦੀ ਆਪਣੀਆਂ ਕਵਿਤਾਵਾਂ ਤੋਂ ਇਲਾਵਾ ਆਪਣੀ ਕਾਵਿ ਸਿਰਜਣ ਪ੍ਰਕਿਰਿਆ ਸਬੰਧੀ ਵਿਚਾਰ ਵੀ ਸਾਂਝੇ ਕਰਨਗੇ।ਦੂਸਰੇ ਦਿਨ ਦੇ ਸਮਾਗਮ ਦੀ ਪ੍ਰਧਾਨਗੀ ਡਾ. ਅਰਵਿੰਦਰ ਸਿੰਘ, ਪਿ੍ੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਕਰਨਗੇ। ਟਿੱਪਣੀਕਾਰ ਡਾ. ਉਮਿੰਦਰ ਜੌਹਲ ,ਪ੍ਰੋਫ਼ੈਸਰ, ਦੁਆਬਾ ਕਾਲਜ, ਜਲੰਧਰ ਹੋਣਗੇ।  ਕਵੀ ਬੀਬਾ ਬਲਵੰਤ, ਡਾ. ਰਵਿੰਦਰ, ਅਰਤਿੰਦਰ ਸੰਧੂ, ਡਾ. ਲਖਵਿੰਦਰ ਸਿੰਘ ਗਿੱਲ ਅਤੇ ਹਰਮੀਤ ਵਿਦਿਆਰਥੀ ਆਪਣੀਆਂ ਕਵਿਤਾਵਾਂ ਦੀ ਸਾਂਝ ਪਾਉਂਦੇ ਹੋਏ ਆਪਣੀ ਸਿਰਜਣ ਪ੍ਰਕਿਰਿਆ ਸਬੰਧੀ ਚਰਚਾ ਕਰਨਗੇ। ਤੀਸਰੇ ਦਿਨ ਮਿਤੀ 31 ਜੁਲਾਈ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ. ਕਰਨਗੇ, ਟਿੱਪਣੀਕਾਰ ਡਾ. ਰਜਿੰਦਰਪਾਲ ਸਿੰਘ ਬਰਾੜ ,ਪ੍ਰੋਫ਼ੈਸਰ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਦਿਨ ਦੇ ਕਵੀ ਡਾ. ਲਖਵਿੰਦਰ ਜੌਹਲ , ਪ੍ਰੋ. ਸੁਰਜੀਤ ਜੱਜ, ਪ੍ਰੋ. ਨਵਰੂਪ ਕੌਰ, ਡਾ. ਜਗਵਿੰਦਰ ਜੋਧਾ ਤੇ ਮਦਨ ਵੀਰਾ ਆਪਣੀਆਂ ਕਾਵਿ -ਰਚਨਾਵਾਂ ਤੇ ਕਾਵਿ- ਸਿਰਜਣ ਪ੍ਰਕਿਰਿਆ ਸਰੋਤਿਆਂ ਨਾਲ ਸਾਂਝੀ ਕਰਨਗੇ।ਪਹਿਲੀ ਅਗਸਤ  ਨੂੰ ਪ੍ਰੋਗਰਾਮ ਸਵੇਰੇ ਅੱਠ ਵਜੇ ਆਰੰਭ ਹੋਵੇਗਾ ਅਤੇ ਪ੍ਰਧਾਨਗੀ ਪ੍ਰੋ. ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਕਰਨਗੇ ਅਤੇ ਟਿੱਪਣੀਕਾਰ ਡਾ. ਭੀਮਇੰਦਰ ਸਿੰਘ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੋਣਗੇ। ਕਾਵਿ ਸਿਰਜਣ ਪ੍ਰਕ੍ਰਿਆ ਬਾਰੇ  ਕਵੀ ਡਾ. ਤਰਲੋਕ ਸਿੰਘ ਆਨੰਦ, ਦਰਸ਼ਨ ਬੁੱਟਰ, ਮਨਪ੍ਰੀਤ ਟਿਵਾਣਾ, ਸਰਬਜੀਤ ਕੌਰ ਜੱਸ ਤੇ ਬਲਵਿੰਦਰ ਸੰਧੂ ਵਿਚਾਰ ਚਰਚਾ ਕਰਨਗੇ ਅਤੇ ਕਾਵਿ ਰਚਨਾਵਾਂ ਵੀ  ਸਾਂਝੀਆਂ ਕਰਨਗੇ| ਦੋ ਅਗਸਤ ਨੂੰ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਕਰਨਗੇ ਅਤੇ ਟਿੱਪਣੀਕਾਰ ਡਾ. ਸਰਬਜੀਤ ਸਿੰਘ, ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਹੋਣਗੇ। ਇਸ ਦਿਨ ਕਵੀ ਡਾ. ਸੁਰਿੰਦਰ ਗਿੱਲ, ਡਾ. ਗੁਰਚਰਨ ਕੌਰ ਕੌਚਰ, ਸੁਖਵਿੰਦਰ ਅੰਮ੍ਰਿਤ, ਹਰਵਿੰਦਰ ਗੁਲਾਬਾਸੀ ਅਤੇ ਸੁਸ਼ੀਲ ਦੁਸਾਂਝ ਸਰੋਤਿਆਂ ਦੇ  ਰੁਬਰੂ ਹੋਣਗੇ। ਇਸ ਉਪਰੰਤ ਡਾ. ਮੁਨੀਸ਼ ਕੁਮਾਰ, ਪ੍ਰੋਫ਼ੈਸਰ ਦੇਸ਼ ਬੰਧੂ ਕਾਲਜ, ਨਵੀਂ ਦਿੱਲੀ ਇਸ ਕਾਵਿ - ਉਤਸਵ ਸਬੰਧੀ ਸਮੇਟਵੀਂ ਚਰਚਾ ਕਰਨਗੇ।ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੋਆਰਡੀਨੇਟਰ ਪ੍ਰੋ: ਸ਼ਰਨਜੀਤ ਕੌਰ ਤੇ ਡਾ: ਤੇਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪ੍ਰੋਗਰਾਮ ਨੂੰ ਸਵੇਰ ਅਤੇ ਸ਼ਾਮ ਦੇ ਸਮੇਂ ਕਰਵਾਉਣ ਦਾ ਉਦੇਸ਼ ਇਹ ਹੈ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸਾਹਿਤ ਪ੍ਰੇਮੀ ਵੀ ਇਸ ਕਾਵਿ -ਉਤਸਵ ਦਾ ਆਨੰਦ ਲੈ ਸਕਣ ਅਤੇ ਉਹਨਾਂ ਨੇ ਕਿਹਾ ਕਿ ਨੇੜ ਭਵਿੱਖ ਵਿਚ ਵੀ ਇਹੋ ਜਿਹੇ ਹੋਰ ਵੀ ਪ੍ਰੋਗਰਾਮ ਉਲੀਕੇ ਜਾਣਗੇ।