ਪਿਛਲੇ 24 ਘੰਟਿਆਂ ਚ ਚਾਰ ਦੀ ਮੌਤ

ਹੋਟਲ 'ਚ ਮੀਟਿੰਗ ਕਰਨ ਵਾਲੇ 11 ਪੀ ਸੀ ਐੱਸ ਪਾਜ਼ੇਟਿਵ

ਕੁਲ 202 ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸੂਬੇ ਵਿਚ ਬੁੱਧਵਾਰ ਨੂੰ 202 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ ਚਾਰ ਲੋਕਾਂ ਦੀ ਮੌਤ ਹੋ ਗਈ। ਪਾਜ਼ੇਟਿਵ ਆਏ ਮਾਮਲਿਆਂ 'ਚ 11 ਪੀਸੀਐੱਸ ਅਫਸਰ ਵੀ ਸ਼ਾਮਲ ਹਨ। ਇਨ੍ਹਾਂ ਨੇ ਫ਼ਰੀਦਕੋਟ ਦੇ ਆਰਟੀਏ ਤਰਸੇਮ ਚੰਦ 'ਤੇ ਵਿਜੀਲੈਂਸ 'ਚ ਕੇਸ ਦਰਜ ਹੋਣ ਵਿਰੁੱਧ ਤਿੰਨ ਜੁਲਾਈ ਨੂੰ ਚੰਡਗੜ੍ਹ ਦੇ ਇਕ ਹੋਟਲ ਵਿਚ ਮੀਟਿੰਗ ਕੀਤੀ ਸੀ। ਮੀਟਿੰਗ ਵਿਚ 40 ਅਧਿਕਾਰੀ ਸ਼ਾਮਲ ਸਨ। ਪਾਜ਼ੇਟਿਵ ਅਫਸਰਾਂ ਦੀ ਗਿਣਤੀ 18 ਦੱਸੀ ਜਾ ਰਹੀ ਹੈ। ਜਦੋਂ ਮੀਟਿੰਗ ਵਿਚ ਸ਼ਾਮਲ ਤਿੰਨ ਅਫਸਰ ਪਾਜ਼ੇਟਿਵ ਪਾਏ ਗਏ ਤਾਂ ਸਾਰਿਆਂ ਨੇ ਆਪਣੇ ਟੈਸਟ ਕਰਵਾਏ। ਐਡੀਸ਼ਨਲ ਚੀਫ ਸਕੱਤਰ (ਸਿਹਤ) ਅਨੁਰਾਗ ਅਗਰਵਾਲ ਨੇ ਇਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨਕ ਖੇਤਰ ਵਿਚ ਇੱਕੋ ਵੇਲੇ ਏਨੇ ਜ਼ਿਆਦਾ ਅਧਿਕਾਰੀਆਂ ਦੇ ਪਾਜ਼ੇਟਿਵ ਹੋਣ ਦਾ ਸ਼ਾਇਦ ਇਹ ਦੇਸ਼ ਵਿਚ ਪਹਿਲਾ ਮਾਮਲਾ ਹੋਵੇਗਾ।

ਉਧਰ ਬਠਿੰਡੇ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਤੋਂ ਇਲਾਵਾ ਜਲੰਧਰ ਵਿਚ ਤਾਇਨਾਤ ਇਕ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਹਰਿਆਣਾ ਦੇ ਨੂੰਹ ਮੇਵਾਤ ਦੀ ਅਦਾਲਤ ਦੇ 11 ਅਧਿਕਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਧਰ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜਕੁਮਾਰ , ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਮੁਲਾਜ਼ਮ ਵੀ ਪਾਜ਼ੇਟਿਵ ਪਾਈ ਗਈ ਹੈ। ਬਟਾਲੇ ਵਿਚ ਸਿਵਲ ਹਸਪਤਾਲ ਦੇ ਇਕ ਸਰਜਨ ਡਾਕਟਰ ਸਮੇਤ ਦਸ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਲੰਧਰ ਵਿਚ ਸਭ ਤੋਂ ਜ਼ਿਆਦਾ 70, ਲੁਧਿਆਣੇ ਵਿਚ 48, ਫ਼ਰੀਦਕੋਟ 'ਚ 17, ਅੰਮਿ੍ਤਸਰ 'ਚ 13 ਤੇ ਫਿਰੋਜ਼ਪੁਰ 'ਚ 10 ਪਾਜ਼ੇਟਿਵ ਕੇਸ ਆਏ।

ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 179 ਤੇ ਕੁਲ ਇਨਫੈਕਟਿਡਾਂ ਦੀ ਗਿਣਤੀ 6977 ਹੋ ਗਈ ਹੈ। ਲੁਧਿਆਣੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ 28ਵੀਂ ਮੌਤ ਹੋ ਗਈ। ਡਾਬਾ ਦੇ ਰਹਿਣ ਵਾਲੇ 54 ਸਾਲਾ ਵਿਅਕਤੀ ਨੇ ਓਸਵਾਲ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਉਸ ਦੇ ਵੱਡੇ ਭਰਾ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਧਰ ਬਟਾਲੇ ਵਿਚ ਕੋਰੋਨਾ ਇਨਫੈਕਟਿਡ 50 ਸਾਲਾ ਵਿਅਕਤੀ ਦੀ ਵੀ ਜਾਨ ਚਲੇ ਗਏ। ਮਰਨ ਵਾਲੇ ਵਿਅਕਤੀ ਨੂੰ ਸ਼ੂਗਰ ਸੀ। ਅੰਮਿ੍ਤਸਰ ਵਿਚ ਵੀ ਇਕ 60 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਸੰਗਰੂਰ ਦੇ ਅਮਰਗੜ੍ਹ ਵਿਚ ਵੀ 55 ਸਾਲਾ ਵਿਅਕਤੀ ਕੋਰੋਨਾ ਨਾਲ ਦਮ ਤੋੜ ਗਿਆ। ਇਸੇ ਦੌਰਾਨ ਹਸਪਤਾਲ 'ਚ ਦਾਖ਼ਲ ਅੰਮਿ੍ਤਸਰ ਦੇ ਥਾਣਾ ਗੇਟ ਹਕੀਮਾਂ ਪੁਲਿਸ ਦੇ ਏਐੱਸਆਈ ਜਿਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ, ਦੀ ਮੌਤ ਹੋ ਗਈ। ਉਸ ਦੇ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ।