ਕਿਸਾਨਾਂ ਨਾਲ ਸੀਐੱਮ ਅਮਰਿੰਦਰ ਦੀ ਗੱਲਬਾਤ 'ਚ ਮਿਲੀ ਵੱਡੀ ਕਾਮਯਾਬੀ, ਪੰਜਾਬ 'ਚ ਟਰੇਨਾਂ ਚੱਲਣ ਦਾ ਰਾਹ ਸਾਫ਼

ਚੰਡੀਗੜ੍ਹ ,ਨਵੰਬਰ 2020 -( ਇਕਬਾਲ   ਸਿੰਘ ਰਸੂਲਪੁਰ ਮਨਜਿੰਦਰ ਗਿੱਲ    ਪੰਜਾਬ 'ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਤੋਂ ਪਿੱਛੇ ਹੱਟਣ ਨੂੰ ਤਿਆਰ ਨਹੀਂ ਹੋ ਰਹੇ ਕਿਸਾਨਾਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੱਲਬਾਤ ਕਾਮਯਾਬ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਰੇਲ ਸੇਵਾ ਬਹਾਲ ਕਰਨ ਨੂੰ ਰਾਜ਼ੀ ਹੋ ਗਏ ਹਨ। ਹੁਣ ਤਕ ਕਿਸਾਨਾਂ ਦੇ ਰੁਖ਼ ਕਾਰਨ ਸੂਬੇ 'ਚ ਰੇਲ ਸੇਵਾ ਸ਼ੁਰੂ ਨਹੀਂ ਹੋ ਪਾ ਰਹੀ ਸੀ। ਅਜਿਹੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਰਤਾ ਦਾ ਮੋਰਚਿਆ ਸੰਭਾਲਿਆ ਹੈ। ਉਹ ਅੱਜ ਕਿਸਾਨਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਹੁਣ ਤਕ ਤਿੰਨ ਮੰਤਰੀਆਂ ਦੀ ਕਮੇਟੀ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ।

ਜਾਣਕਾਰੀ ਮੁਤਾਬਿਕ ਬੈਠਕ 'ਚ ਕਿਸਾਨ ਸੰਗਠਨ ਸੂਬੇ 15 ਦਿਨਾਂ ਲਈ ਸਾਰੀਆਂ ਰੇਲਗੱਡੀਆਂ ਚਲਾਏ ਜਾਣ 'ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ 15 ਦਿਨਾਂ 'ਚ ਗੱਲ ਕਰ ਲੈਣ। ਜੇ ਇਹ ਗੱਲਬਾਤ ਸ਼ੁਰੂ ਨਾ ਹੋਈ ਤਾਂ ਕਿਸਾਨ ਸੰਗਠਨ ਮੁੜ ਤੋਂ ਆਪਣਾ ਸੰਘਰਸ਼ ਸ਼ੁਰੂ ਕਰ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਿਸਾਨ ਸੰਗਠਨਾਂ ਨਾਲ ਲਗਪਗ ਇਕ ਘੰਟਾ ਗੱਲ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਦੇ ਹੋ ਰਹੇ ਨੁਕਸਾਨ ਦਾ ਹਵਾਲਾ ਦਿੱਤਾ ਤੇ ਆਪਣੀ ਜਿੱਦ ਛੱਡਣ ਨੂੰ ਕਿਹਾ।

ਰੇਲ ਰੋਕਾਂ ਹਟਾਉਣ ਦੇ ਫੈਸਲਾ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਉਪਰੰਤ ਕੀਤਾ। ਇਹ ਮੀਟਿੰਗ ਮੁੱਖ ਮੰਤਰੀ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤਹਿਤ ਲਗਾਈਆਂ ਰੇਲ ਰੋਕਾਂ ਕਾਰਨ ਪੈਦਾ ਹੋਈ ਗੁੰਝਲਦਾਰ ਸਥਿਤੀ ਨੂੰ ਹੱਲ ਕਰਨ ਲਈ ਕੀਤੀ ਗਈ ਸੀ। ਹਾਲਾਂਕਿ ਸ੍ਰੀ ਰਾਜੇਵਾਲ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਅਗਲੇ 15 ਦਿਨਾਂ ਵਿੱਚ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਵਿੱਚ ਅਸਫਲ ਰਹੀ ਤਾਂ ਰੇਲ ਰੋਕਾਂ ਫੇਰ ਲਗਾ ਦਿੱਤੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਰਾਜਨੀਤੀ ਕਰਨ ਦੀ ਬਜਾਏ ਇਨ੍ਹਾਂ ਕਾਨੂੰਨਾਂ ਖਿਲਾਫ ਇਕੱਠੇ ਹੋ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਹ ਮੁੱਦਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਆਪਣੀ ਬੇਨਤੀ ਸਵਿਕਾਰ ਕਰਨ ਲਈ ਕਿਸਾਨ ਯੂਨੀਅਨਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਮੰਗਾਂ ਲਈ ਦਬਾਅ ਪਾਉਣ ਵਾਸਤੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਛੇਤੀ ਹੀ ਮਿਲਣਗੇ। ਉਨ੍ਹਾਂ ਕਿਹਾ, 'ਆਓ ਇਕੱਠੇ ਹੋ ਕੇ ਕੇਂਦਰ ਉਤੇ ਦਬਾਅ ਪਾਈਏ ਅਤੇ ਆਪਣਾ ਪੱਖ ਦੱਸਦੇ ਹੋਏ ਸਮਝਾਈਏ ਕਿ ਕਿਵੇਂ ਇਹ ਕੇਂਦਰੀ ਕਾਨੂੰਨ ਪੰਜਾਬ ਨੂੰ ਤਬਾਹ ਕਰ ਦੇਣਗੇ।' ਉਨ੍ਹਾਂ ਇਹ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਉਹ (ਮੁੱਖ ਮੰਤਰੀ) ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ,'ਸਾਡੇ ਸਾਰਿਆਂ ਦੀ ਰਗਾਂ ਵਿੱਚ ਕਿਸਾਨੀ ਖੂਨ ਹੈ।' ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਨੁਮਾਇੰਦਿਆਂ ਨੂੰ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੀਆਂ ਹੋਰ ਮੰਗਾਂ ਵੀ ਵੇਖਣਗੇ ਜਿਨ੍ਹਾਂ ਵਿੱਚ ਗੰਨੇ ਦੀ ਕੀਮਤ ਵਿੱਚ ਵਾਧਾ, ਬਕਾਇਆ ਦੀ ਅਦਾਇਗੀ ਅਤੇ ਨਾੜ ਸਾੜਨ ਦੇ ਮਾਮਲੇ ਵਿੱਚ ਦਰਜ ਐਫਆਈਆਰਜ਼ ਰੱਦ ਕਰਨੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ 'ਤੇ ਅਗਲੇ ਇਕ ਹਫਤੇ ਵਿੱਚ ਗੱਲਬਾਤ ਕਰਨਗੇ ਅਤੇ ਇਸ ਮਾਮਲੇ 'ਤੇ ਵਿਚਾਰ ਵਟਾਂਦਰੇ ਲਈ ਅਧਿਕਾਰੀਆਂ ਦੀ ਇਕ ਕਮੇਟੀ ਬਣਾਉਣਗੇ।

ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕੋ ਹਟਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਅਤੇ ਕਿਸਾਨਾਂ ਦੇ ਹਿੱਤ ਵਿੱਚ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ, 'ਅਸੀਂ ਪੰਜਾਬ ਨੂੰ ਸੜਨ ਨਹੀਂ ਦੇਵਾਂਗੇ, ਅਸੀਂ ਭਾਜਪਾ ਨੂੰ ਪੇਂਡੂ-ਸ਼ਹਿਰੀ ਜਾਂ ਧਾਰਮਿਕ ਲੀਹਾਂ ਉਤੇ ਵੰਡਣ ਨਹੀਂ ਦੇਵਾਂਗੇ।'