ਅੱਜ ਤੋਂ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਲੰਡਨ,ਜੁਲਾਈ 2020 -(ਏਜੰਸੀ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਤੋਂ ਬਰਤਾਨੀਆ 'ਚ ਸ਼ੁਰੂ ਹੋ ਰਹੇ 'ਇੰਡੀਆ ਗਲੋਬਲ ਵੀਕ 2020' ਨੂੰ ਸੰਬੋਧਨ ਕਰਨਗੇ। ਆਪਣੇ ਇਸ ਵਰਚੁਅਲ ਕੌਮਾਂਤਰੀ ਸੰਬੋਧਨ 'ਚ ਉਹ ਭਾਰਤ ਦੇ ਵਪਾਰ ਤੇ ਵਿਦੇਸ਼ ਨਿਵੇਸ਼ 'ਤੇ ਆਪਣੇ ਵਿਚਾਰ ਰੱਖਣਗੇ। ਕੋਵਿਡ-19 ਕੌਮਾਂਤਰੀ ਮਹਾਮਾਰੀ ਕਾਰਨ ਪੀਐੱਮ ਮੋਦੀ ਆਨਲਾਈਨ ਇਸ ਕੌਮਾਂਤਰੀ ਪ੍ਰੋਗਰਾਮ ਨਾਲ ਜੁੜਨਗੇ।

ਭਾਰਤ ਦੇ ਵਿਸ਼ਵੀਕਰਨ ਨੂੰ ਦੇਖਦਿਆਂ ਇਥੇ ਭਾਰਤ ਨੂੰ ਕਈ ਵੱਡੇ ਨਿਵੇਸ਼ ਤੇ ਉਤਪਾਦਨ ਦੇ ਮੌਕੇ ਮਿਲਣ ਦੀ ਉਮੀਦ ਹੈ। ਇੰਡੀਆ ਇੰਕ ਗਰੁੱਪ ਦੇ ਸੀਈਓ ਤੇ ਚੇਅਰਮੈਨ ਮਨੋਜ ਲਡਵਾ ਨੇ ਦੱਸਿਆ ਕੋਵਿਡ-19 ਦੇ ਸਾਏ 'ਚ ਭਾਰਤ ਪ੍ਰਤਿਭਾਵਾਂ ਤੇ ਤਕਨੀਕੀ ਗਿਆਨ ਦਾ ਭੰਡਾਰ ਬਣ ਕੇ ਉਭਰਿਆ ਹੈ। ਕੌਮਾਂਤਰੀ ਮਾਮਲਿਆਂ 'ਚ ਭਾਰਤ ਦੀ ਅਗਵਾਈ ਕੇਂਦਰੀ ਭੂਮਿਕਾ 'ਚ ਹੈ। ਇਸ ਲਈ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਪੂਰੀ ਦੁਨੀਆ ਲਈ ਬੇਹੱਦ ਅਹਿਮ ਹੈ। ਇਸ ਤਿੰਨ ਦਿਨਾਂ ਸੰਮੇਲਨ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੇਲ ਤੇ ਵਣਜ ਮੰਤਰੀ ਪਿਊਸ਼ ਗੋਇਲ, ਸ਼ਹਿਰੀ ਹਵਾਬਾਜ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ, ਸੂਚਨਾ ਤੇ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਸਕਿੱਲ ਡਿਵੈੱਲਪਮੈਂਟ ਮੰਤਰੀ ਮਹੇਂਦਰ ਸਿੰਘ ਪਾਂਡੇਅ ਵੀ ਸ਼ਾਮਲ ਹੋਣਗੇ। ਬਰਤਾਨੀਆ ਵੱਲੋਂ ਪ੍ਰਿੰਸ ਚਾਰਲਸ ਦਾ ਵਿਸ਼ੇਸ਼ ਸੰਬੋਧਨ ਹੋਵੇਗਾ। ਬਰਤਾਨੀਆ ਦੀ ਸਰਕਾਰ ਵੱਲੋਂ ਵਿਦੇਸ਼ ਮੰਤਰੀ ਡੋਮਨਿਕ ਰਾਬ, ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਮੈਟ ਹੈਨਕਾਕ ਤੇ ਵਪਾਰੀ ਮੰਤਰੀ ਲਿਜ ਟ੍ਸ ਬੁਲਾਰੇ ਹੋਣਗੇ।