ਪਰਿਵਾਰਾਂ ਦੇ ਸੁੱਤਿਆਂ ਪਿਆ ਚੋਰੀ ਕਰਨ ਵਾਲੇ ਗਿ੍ਫਤਾਰ

ਹਠੂਰ/ਲੁਧਿਆਣਾ, ਜੁਲਾਈ 2020 -(ਨਛੱਤਰ ਸੰਧੂ/ਮਨਜਿੰਦਰ ਗਿੱਲ)-  ਪਿੰਡ ਹਠੂਰ ਵਿਖੇ 17 ਦਿਨ ਪਹਿਲਾਂ ਸੁੱਤੇ ਪਏ ਦੋ ਪਰਿਵਾਰ ਦੇ ਘਰਾਂ 'ਚ ਦਾਖਲ ਹੋ ਕੇ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਹਠੂਰ ਪੁਲਿਸ ਨੇ ਦੋ ਦੋਸਤਾਂ ਨੂੰ ਗਿ੍ਫਤਾਰ ਕੀਤਾ। ਉਨ੍ਹਾਂ ਵੱਲੋਂ ਚੋਰੀ ਕੀਤਾ ਗਿਆ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਗਿਆ। ਰਾਏਕੋਟ ਦੇ ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਬੀਤੀ 20 ਜੂਨ ਦੀ ਰਾਤ ਨੂੰ ਹਠੂਰ ਵਾਸੀ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਸਮੇਤ ਸਾਰਾ ਪਰਿਵਾਰ ਰੋਟੀ ਖਾ ਕੇ ਸੋ ਗਏ। ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਘਰ ਵਿਚ ਪਏ ਚਾਰ ਮੋਬਾਈਲ ਗਾਇਬ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ਤੇ ਸਥਿਤ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਘਰੋਂ ਵੀ ਨਕਦੀ ਚੋਰੀ ਹੋਈ ਸੀ। ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ 'ਤੇ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਇਸ ਕੇਸ ਨੂੰ ਸੁਲਝਾਉਣ ਲਈ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਦਿਆਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਜੰਟਾ ਸਿੰਘ ਉਰਫ ਨਿੱਬੂ ਉਰਫ ਹੈਪੀ ਪੁੱਤਰ ਬੂਟਾ ਸਿੰਘ ਵਾਸੀ ਹਠੂਰ ਅਤੇ ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੰਮੀਪੁਰਾ ਕਲਾਂ ਨੂੰ ਗਿ੍ਫਤਾਰ ਕਰ ਲਿਆ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਚੋਰੀ ਦੇ 6 ਮੋਬਾਈਲ ਜਿਨ੍ਹਾਂ ਵਿਚ ਸੈਮਸੰਗ ਏ-2, ਸੈਮਸੰਗ ਜੇ-2, ਅੋਪੋ ਏ-7, ਐਮਆਈ-7, ਹਾਨਰ ਅਤੇ ਸੈਮਸੰਗ-ਜੇ ਤੋਂ ਇਲਾਵਾ 40 ਹਜ਼ਾਰ ਰੁਪਏ ਨਕਦੀ ਅਤੇ ਇਨ੍ਹਾਂ ਵੱਲੋਂ ਚੋਰੀ ਕੀਤਾ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਦੋਸਤ ਰਾਤ ਨੂੰ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿਚ ਦਾਖਲ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।