ਪੰਜਾਬ ਵਿਚ ਕੋਰੋਨਾ ਨਾਲ ਬੁਧਵਾਰ ਨੂੰ 79 ਮੌਤਾਂ

ਇਹਨਾਂ ਵਿੱਚ ਬਰਨਾਲੇ ਤੋਂ ਪੰਜ ਮਹੀਨਿਆਂ ਦੀ ਗਰਭਵਤੀ ਵੀ ਸ਼ਾਮਲ 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਬੁੱਧਵਾਰ ਨੂੰ ਕੁਝ ਰਾਹਤ ਮਿਲੀ ਹੈ। ਇਸ ਦਿਨ 2387 ਲੋਕ ਇਨਫੈਕਟਿਡ ਪਾਏ ਗਏ ਤੇ 2756 ਲੋਕ ਕੋਰੋਨਾ ਨੂੰ ਮਾਤ ਦੇਣ ਵਿਚ ਸਫਲ ਵੀ ਹੋਏ ਹਨ। ਉਧਰ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਮੰਗਲਵਾਰ ਦੇ ਮੁਕਾਬਲੇ ਬੇਹੱਦ ਘੱਟ ਰਹੀ ਹੈ। ਮੰਗਲਵਾਰ ਨੂੰ ਜਿੱਥੇ 90 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਸੀ ਉੱਥੇ ਬੁੱਧਵਾਰ ਨੂੰ ਇਹ ਅੰਕੜਾ 79 ਰਿਹਾ। ਮਰਨ ਵਾਲਿਆਂ ਵਿਚ ਪਟਿਆਲੇ ਵਿਚ ਥਾਣੇ ਵਿਚ ਤਾਇਨਾਤ ਹੋਮਗਾਰਡ ਜਵਾਨ ਤੇ ਬਰਨਾਲੇ ਵਿਚ ਪੰਜ ਮਹੀਨਿਆਂ ਦੀ ਗਰਭਵਤੀ ਵੀ ਸ਼ਾਮਲ ਹਨ। ਬੁੱਧਵਾਰ ਨੂੰ ਲੁਧਿਆਣੇ ਵਿਚ ਸਭ ਤੋਂ ਜ਼ਿਆਦਾ 15 ਲੋਕਾਂ ਦੀ ਮੌਤ ਹੋਈ ਹੈ। ਏਸੇ ਤਰ੍ਹਾਂ ਅੰਮਿ੍ਤਸਰ 'ਚ 12, ਪਟਿਆਲਾ ਤੇ ਜਲੰਧਰ ਵਿਚ ਦਸ-ਦਸ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਏਸੇ ਤਰ੍ਹਾਂ ਪਟਿਆਲੇ 'ਚ 292, ਲੁਧਿਆਣੇ ਵਿਚ 286, ਅੰਮਿ੍ਤਸਰ ਵਿਚ 258, ਮੋਹਾਲੀ ਵਿਚ 249, ਜਲੰਧਰ ਵਿਚ 198, ਹੁਸ਼ਿਆਰਪੁਰ ਵਿਚ 206, ਗੁਰਦਾਸਪੁਰ 'ਚ 148 ਤੇ ਬਠਿੰਡੇ ਵਿਚ 109 ਲੋਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਅੰਮਿ੍ਤਸਰ ਵਿਚ ਬੀਐੱਸਐੱਫ ਦੇ 49 ਜਵਾਨ, ਗੁਰਦਾਸਪੁਰ ਵਿਚ ਤਿੰਨ ਸਿਹਤ ਮੁਲਾਜ਼ਮ ਤੇ ਪਠਾਨਕੋਟ ਦੇ ਸਰਨਾ ਸਥਿ ਬੈਂਕ ਆਫ ਇੰਡੀਆ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਬੈਂਕ ਮੁਲਾਜ਼ਮਾਂ ਦੇ ਇਨਫੈਕਟਿਡ ਪਾਏ ਜਾਣ ਬਾਅਦ ਬਰਾਂਚ ਦਾ ਪੂਰਾ ਸਟਾਫ ਕੁਆਰੰਟਾਈਨ ਹੋ ਗਿਆ ਹੈ। ਕੋਰੋਨਾ ਕਾਰਨ ਜਿੱਥੇ ਸਿਹਤ ਵਿਭਾਗ ਹਸਪਤਾਲਾਂ ਵਿਚ ਸਾਰੇ ਪ੍ਰਬੰਧ ਪੂਰੇ ਕਰਨ ਦਾ ਦਾਅਵਾ ਕਰ ਰਿਹਾ ਹੈ ਉੱਥੇ ਗੁਰਦਾਸਪੁਰ ਜ਼ਿਲ੍ਹੇ ਨੂੰ ਢਾਈ ਮਹੀਨੇ ਪਹਿਲਾਂ ਮਿਲੇ ਚਾਰ ਵੈਂਟੀਲੇਟਰ ਸਹੀ ਤਰੀਕੇ ਨਾਲ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਮਰੀਜ਼ਾਂ ਨੂੰ ਅੰਮਿ੍ਤਸਰ ਰੈਫਰ ਕੀਤਾ ਜਾ ਰਿਹਾ ਹੈ।