ਹੁਣ ਵੀਜ਼ਾ ਮਿਆਦ ਤੋਂ ਵੱਧ ਸਮਾਂ ਕੈਨੇਡਾ 'ਚ ਰਹਿਣਾ ਪੈ ਸਕਦਾ ਭਾਰੀ, ਜਾਣੋ, ਲਾਗੂ ਨਵੇਂ ਨਿਯਮਾਂ ਬਾਰੇ

ਟੋਰਾਂਟੋ/ਕੈਨੇਡਾ, ਜੁਲਾਈ 2020 -(ਏਜੰਸੀ)- ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਲਈ ਕੈਨੇਡਾ ਸਰਕਾਰ ਨੇ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ 'ਤੇ ਵੀ ਲਾਗੂ ਕਰ ਦਿਤਾ ਹੈ। ਹੁਣ ਮਲਟੀਪਲ ਵੀਜ਼ਾ ਵਾਲੇ ਲੋਕ ਕੈਨੇਡਾ ਵਿਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਬਤੀਤ ਨਹੀਂ ਕਰ ਸਕਣਗੇ ਅਤੇ ਝੂਠ ਬੋਲਣ ਵਾਲਿਆਂ ਵਿਰੁੱਧ ਅਪਰਾਧਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਨਿਯਮ ਬੀਤੀ 25 ਜੂਨ ਤੋਂ ਲਾਗੂ ਹੋ ਗਏ ਹਨ ਜਿਨ੍ਹਾਂ ਤਹਿਤ ਕਮਰਸ਼ੀਅਲ ਏਅਰਲਾਈਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਮੁਸਾਫ਼ਰਾਂ ਦੀ ਮੁਕੰਮਲ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮੁਹੱਈਆ ਕਰਵਾਉਣ। ਇਸ ਤੋਂ ਪਹਿਲਾਂ ਸਿਰਫ਼ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਦੀ ਬਾਇਓਗ੍ਰਾਫ਼ਿਕ ਜਾਣਕਾਰੀ ਸੀ.ਬੀ.ਐਸ.ਏ. ਦੁਆਰਾ ਇਕੱਤਰ ਕੀਤੀ ਜਾ ਰਹੀ ਸੀ। ਤਾਜ਼ਾ ਘਟਨਾਕ੍ਰਮ ਤਹਿਤ ਹਵਾਈ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਜਾਂ ਬਾਹਰ ਜਾਣ ਵਾਲਿਆਂ ਬਾਰੇ ਬੁਨਿਆਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ ਗਈ ਹੈ।