ਖ਼ਾਲਿਸਤਾਨੀ ਸੰਗਠਨਾਂ ਨਾਲ ਸਬੰਧਿਤ 9 ਵਿਅਕਤੀਆਂ ਅੱਤਵਾਦੀਆਂ ਦੀ ਸੂਚੀ 'ਚ 

ਨਵੀਂ ਦਿੱਲੀ,ਜੁਲਾਈ 2020- (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਯੂ.ਏ.ਪੀ.ਏ. ਐਕਟ ਤਹਿਤ ਵੱਖਵਾਦੀ ਸੰਗਠਨਾਂ ਨਾਲ ਸਬੰਧਿਤ 9 ਵਿਅਕਤੀਆਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਪਾ ਦਿੱਤਾ ਹੈ | ਇਨ੍ਹਾਂ ਸੰਗਠਨਾਂ ਵਿਚੋਂ 4 ਪਾਕਿਸਤਾਨ 'ਚ ਹਨ | ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਵੀ ਇਨ੍ਹਾਂ ਵਿਚ ਸ਼ਾਮਿਲ ਹਨ | ਇਹ ਚਾਰੇ ਪਾਕਿਸਤਾਨ ਆਧਾਰਿਤ ਖਾੜਕੂ ਸੰਗਠਨ ਹਨ | ਇਸ ਤੋਂ ਇਲਾਵਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਜਰਮਨੀ 'ਚ ਰਹਿੰਦੇ ਅਹਿਮ ਮੈਂਬਰ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਮੀਤ ਸਿੰਘ ਬੱਗਾ, ਅਮਰੀਕਾ ਸਥਿਤ ਸੰਗਠਨ ਸਿੱਖਸ ਫ਼ਾਰ ਜਸਟਿਸ ਦੇ ਅਹਿਮ ਮੈਂਬਰ ਗੁਰਪਤਵੰਤ ਸਿੰਘ ਪੰਨੂ, ਕੈਨੇਡਾ ਸਥਿਤ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਬਰਤਾਨੀਆ ਆਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਰਮਜੀਤ ਸਿੰਘ ਦੇ ਨਾਂਅ ਸ਼ਾਮਿਲ ਹਨ | ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਵਿਅਕਤੀ ਪਾਕਿਸਤਾਨ ਅਤੇ ਹੋਰ ਵਿਦੇਸ਼ੀ ਜ਼ਮੀਨ ਤੋਂ ਕਈ ਵੱਖਵਾਦੀ ਕਾਰਵਾਈਆਂ ਕਰ ਰਹੇ ਹਨ | ਇਸ 'ਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਆਪਣੀਆਂ ਦੇਸ਼ ਵਿਰੋਧੀ ਕਾਰਵਾਈਆਂ ਰਾਹੀਂ ਪੰਜਾਬ ਵਿਚ ਮੁੜ ਅੱਤਵਾਦ ਨੂੰ ਉਭਾਰ ਕੇ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਸਰਕਾਰ ਨੇ ਯੂ.ਏ.ਪੀ.ਏ. ਐਕਟ 'ਚ ਸੋਧ ਕਰਨ ਤੋਂ ਬਾਅਦ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਕੀ-ਉਰ-ਰਹਿਮਾਨ ਲਖਵੀ ਅਤੇ ਦਾਊਦ ਇਬਰਾਹਿਮ ਨੂੰ ਅੱਤਵਾਦੀ ਐਲਾਨ ਦਿੱਤਾ ਸੀ |