ਜਗਰਾਓਂ ਪ੍ਰਾਇਵੇਟ ਸਕੂਲ ਐਸੋਸੀਏਸ਼ਨ ਜੇਵੇਗੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮਾਪਿਆਂ ਨੂੰ ਰਾਹਤ

ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ, ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ

ਜਗਰਾਓਂ/ਲੁਧਿਆਣਾ, ਜੁਲਾਈ 2020  ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਭਰ ਵਿਚ ਬੰਦ ਕਰ ਦਿਤੇ ਗਏ ਸਿੰਖਿਆ ਸੰਸਥਾਨਾ ਕਰਕੇ ਸਕੂਲਾਂ ਨੂੰ ਫੀਸ ਦੇਣ ਜਾਂ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲਾਂ ਵਿਚਕਾਰ ਇਕ ਖਾਈ ਬਣ ਗਈ ਸੀ ਜਿਸਦਾ ਲਾਭ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰਾਂ ਵਲੋਂ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿਤੀਆਂ ਗਈਆਂ ਸਨ। ਜਿਸ ਕਾਰਨ ਦੋਵਾਂ ਧਿਰਾਂ ਵਲੋਂ ਇਸ ਮਾਮਲੇ ਨੂੰ ਹਾਈ ਕੋਰਟ ਵਿਚ ਲੈ ਜਾਇਆ ਗਿਆ। ਮਾਣਯੋਗ ਹਾਈਕੋਰਟ ਵਲੋਂ ਸਕੂਲਾਂ ਦੇ ਹੱਕ ਲਿਚ ਸੁਣਾਏ ਗਏ ਫੈਸਲੇ ਤੋਂ ਬਾਅਦ ਜਗਰਾਓਂ ਸਕੂਲਜ਼ ਐਸੋਸੀਏਸ਼ਨ ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਜਿਸ ਵਿੱਚ ਇਸ ਵਿਸ਼ੇ ਤੇ ਚਰਚਾ ਹੋਈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਪਿਆਂ ਅਤੇ ਸਕੂਲ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਮਾਤਾ ਪਿਤਾ ਨੂੰ ਆ ਰਹੀ ਮੁਸੀਬਤਾਂ ਦਾ ਸਮਾਧਾਨ ਕਰਨ । ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਇਮਾਨਦਾਰੀ ਨਾਲ਼ ਸਮੂਹਿਕ ਤੌਰ ਤੇ ਸਾਂਝਾ ਫੈਸਲਾ ਲਈਏ ਕਿ ਸਾਲਾਨਾ ਫੰਡ ਅਤੇ ਆਵਾਜਾਈ (ਟ੍ਰਾਂਸਪੋਰਟੇਸ਼ਨ ) ਫੀਸ ਕਿੰਨੀ ਵਸੂਲ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀਆਂ ਸੰਸਥਾਵਾਂ ਸਿਰਫ਼ ਮਹੀਨਾਵਾਰ ਫੀਸ ਲੈ ਰਹੀਆਂ ਹਨ ਉਨ੍ਹਾਂ ਨੂੰ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੰਨੀ ਰਕਮ ਸਾਲਾਨਾ ਫੰਡ ਦੇ ਹਿੱਸੇ ਵਜੋਂ ਨਹੀਂ ਖਰਚੀ ਹੈ। ਸਕੂਲ ਫੀਸ ਮਾਮਲੇ ਵਿੱਚ ਮਾਨਯੋਗ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਸਕੂਲ ਦਾਖਲਾ ਫੀਸ ਅਤੇ ਟਿਊਸ਼ਨ ਫੀਸ ਲੈ ਸਕਦੇ ਹਨ, ਚਾਹੇ ਆਨਲਾਈਨ ਕਲਾਸਾਂ ਲੱਗੀਆਂ ਹਨ ਜਾਂ ਨਹੀਂ । ਮਾਪੇ ਸਹੀ ਕਾਰਨਾਂ ਕਰਕੇ ਜੋ ਫੀਸ ਦੇਣ ਵਿੱਚ ਅਸਮਰੱਥ ਹਨ ਸਬੂਤ ਸਹਿਤ ਸਕੂਲ ਵਿੱਚ ਪਹੁੰਚ ਕਰ ਸਕਦੇ ਹਨ ਅਤੇ ਸਕੂਲ ਹਮਦਰਦੀ ਨਾਲ ਫੈਸਲਾ ਲਵੇਗਾ। ਕਿਸੇ ਵੀ ਮਾਪੇ ਨੂੰ ਫੀਸ ਛੋਟ ਬਾਰੇ ਝੂਠਾ ਦਾਵਾ ਕਰਕੇ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਪਿਛਲੇ ਸਾਲ ਦੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਫੀਸ ਮਹੀਨਾਵਾਰ ਜਾਂ ਤਿਮਾਹੀ ਦਿੱਤੀ ਜਾ ਸਕਦੀ ਹੈ। ਸਕੂਲ ਵੱਲੋਂ ਆਨਲਾਈਨ ਕਲਾਸਾਂ ਬਿਨਾਂ ਰੁਕਾਵਟ ਜਾਰੀ ਰਹਿਣਗੀਆਂ। ਸਕੂਲ ਐਸੋਸਿਏਸ਼ਨ ਦੀ ਪ੍ਰਧਾਨ ਪ੍ਰਿੰਸੀਪਲ ਸ਼ਸ਼ੀ ਜੈਨ, ਸੈਕਟਰੀ ਵਿਸ਼ਾਲ ਜੈਨ, ਵਾਇਸ ਪ੍ਰਧਾਨ ਨਵਨੀਤ ਚੌਹਾਨ, ਆਗਜੇਕਟਿਵ ਮੈਂਬਰ ਬਲਦੇਵ ਬਾਵਾ ਅਤੇ ਪ੍ਰਿੰਸਿਪਲ ਅਮਰਜੀਤ ਕੌਰ ਨਾਜ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਕੂਲ ਮਹੀਨਾਵਾਰ ਫੀਸ ਪਿਛਲੇ ਸਾਲ ਦੇ ਅਨੁਸਾਰ ਹੀ ਲੈਣਗੇ। ਇਸਤੋਂ ਇਲਾਵਾ ਐਨੂਅਲ ਚਾਰਜ ਜੋ ਕਿ ਸਾਰੇ ਸਕੂਲ ਰੀ ਅਡਮੀਸ਼ਨ ਸਮੇਂ ਲੈਂਦੇ ਸਨ ਉਹ ਐਨੂਅਲ ਚਾਰਜ ਦਾ 30 ਪ੍ਰਤੀਸ਼ਤ ਮਾਫ ਕਰਨਗੇ। ਜੋ ਸਕੂਲ ਇਕਮੁਸ਼ਤ ਫੀਸ ਹੀ ਲੈਂਦੇ ਸਨ ਉਹ ਸਕੂਲ ਫੀਸ ਦਾ 12 ਪ੍ਰਤੀਸ਼ਤ ਮਾਫ ਕਰਨਗੇ। ਜਿਥੋਂ ਤੱਕ ਟਰਾਂਸਪੋਰਟ ਦਾ ਸਵਾਲ ਹੈ। ਸਾਰੇ ਸਕੂਲਾਂ ਨੂੰ ਟਰਾਂਸਪੋਰਟ ਦਾ 30 ਪ੍ਰਤੀਸ਼ਤ ਡੀਜਲ ਖਰਚ ਜੋ ਕਿ ਲਾਕਡਾਊਨ ਦੇ ਸਮੇਂ ਦੌਰਾਨ ਬਚਿਆ ਹੈ  ਸਾਰੇ ਸਕੂਲ ਟਰਾਂਸਪੋਰਟ ਦੇ ਬਾਕੀ ਖਰਚ ਉਸੇ ਤਰ੍ਹਾਂ ਨਾਲ ਸਹਿਣ ਕਰ ਰਹੇ ਹਨ। ਉਸਦੇ ਬਾਵਜੂਦ ਵੀ ਸਾਰੇ ਸਕੂਲ ਟਰਾਂਸਪੋਰਟ ਦਾ 50 ਪ੍ਰਤੀਸ਼ਤ ਮਾਫ ਕਰਨਗੇ। ਪ੍ਰਿੰਸਿਪਲ ਸ਼ਸ਼ੀ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ, ਸਨਮਤੀ ਵਿਮਲ ਜੈਨ ਸਕੂਸ, ਸੇਂਟ ਮਹਾਂਪ੍ਰਗਿਆ ਸਕੂਲ, ਬਲਾਜਮ ਸਕੂਲ, ਸ਼ਿਵਾਲਕ ਸਕੂਵ, ਸਪਰਿੰਗ ਡਿਊ ਸਕੂਲ, ਜੀ ਐਚ ਜੀ ਅਕੈਡਮੀ ਕੋਠੇ ਬੱਗੂ ਸਮੇਤ 20 ਦੇ ਕਰੀਬ ਸਕੂਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਦੇ ਨਾਲ ਨਾਲ ਜਰੂਰਤ ਅਨੁਸਾਰ ਉਹ ਹੋਰ ਸਹੂਲਤਾਂ ਵੀ ਪ੍ਰਦਾਨ ਕਰਨਗੇ। ਹਾਈ ਕੋਰਟ ਦੇ ਇਸ ਫੈਸਲੇ ਨੂੰ ਪੰਜਾਬ ਸਰਕਾਰ ਵੋਲੰ ਡਬਲ ਬੈਂਚ ਪਾਸ ਅਪੀਲ ਲਗਾਉਣ ਦੇ ਸੰਬਧ ਵਿਚ ਉਨ੍ਹਾਂ ਕਿਹਾ ਕਿ ਫਹ ਡਬਲ ਬੈਂਚ ਵਲੋਂ ਦਿਤੇ ਜਾਣ ਵਾਲੇ ਕਿਸੇ ਵੀ ਤਰ੍ਵਾਂ ਦੇ ਫੈਸਲੇ ਨੂੰ ਕਬੂਲ ਕਰਨਗੇ।

'' ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ ''

ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ।

ਬਲਾਜਮ ਸਕੂਲ ਦੀ ਪ੍ਰਿੰਸਿਪਲ ਅਮਰਜੀਤ ਕੌਰ ਨਾਜ ਨੇ ਸੰਬੋਧਨ ਕਰਦਿਆਂ ਆਪਣੀ ਗੱਲ '' ਉੱਡਣਾ ਅਸਾਂ ਇਕੱਠੇ ਹੋ ਕੇ, ਬਣ ਜਾਣਾਂ ਹੈ ਡਾਰ ਅਸੀਂ '' ਥੋੜ੍ਹਾ-ਥੋੜ੍ਹਾ ਚੁੱਕ ਲਵਾਂਗੇ ਇੱਕ ਦੂਜੇ ਦਾ ਭਾਰ ਅਸੀਂ'' ਸ਼ੇਅਰ ਤੋਂ ਕਰਦਿਆਂ ਕਿਹਾ ਕਿ ਮਾਪੇ ਅਤੇ ਸਕੂਲਾਂ ਵਿਚਕਾਰ ਸਦੀਆਂ ਤੋਂ ਪਵਿੱਤਰ ਅਤੇ ਮਜਬੂਤ ਰਿਸ਼ਤਾ ਹੈ। ਜਿਸਨੂੰ ਸ਼ਰਾਰਤੀ ਅਨਸਰ ਖਰਾਬ ਕਰਨ ਵਿਚ ਲੱਗੇ ਹੋਏ ਹਨ। ਆਪਣਾ ਦੋਹਾਂ ਦਾ ਸਾਂਝਾ ਸੁਪਨਾ ਹੈ ਬੱਚਿਆਂ ਦੇ ਜੀਵਨ ਨੁੰ ਸੰਵਾਰਨਾ। ਮਾਪੇ ਸਾਡੇ ਲਈ ਸਤਿਕਾਰਤ ਸੀ, ਹੈ ਅਤੇ ਹਮੇਸ਼ਾ ਰਹਿਣਗੇ। ਦੁੱਖ ਲੱਗਦਾ ਹੈ ਜਦੋਂ ਬਿਨਾਂ ਸੋਚੇ ਸਮਝੇ ਮਾਫੀਆ ਤੇ ਲੁਟੇਰੇ ਵਰਗੇ ਘਟੀਆ ਸ਼ਬਦ ਗਿਆਨ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੇ ਲਈ ਵਰਤੇ ਜਾਂਦੇ ਹਨ। ਸ਼ਾਇਦ ਉਹਨਾਂ ਲੋਕਾਂ ਨੇ ਇਸ ਸ਼ਬਦ ਨੂੰ ਕਦੇ ਡਿਕਸ਼ਨਰੀ ਵਿਚੋਂ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ ਨਹੀਂ ਤਾਂ ਉਹ ਕਦੀ ਆਪਣੀ ਜੁਬਾਨ ਤੇ ਵਿੱਦਿਆ ਦੇ ਮੰਦਰਾਂ ਲਈ ਇਹ ਸ਼ਬਦ ਪ੍ਰਯੋਗ ਨਾ ਕਰਦੇ। ਸਾਡੀ ਮਾਪਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹਨਾਂ ਦਾ ਬੱਚਾ ਜਿਸ ਵੀ ਸਕੂਲ ਵਿਚ ਪੜ੍ਹਦਾ ਹੈ ਉਹ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਤੇ ਆਪਣਾ ਯਕੀਨ ਰੱਖਣ ਤੇ ਆਪਣੀ ਹਰ ਗੁਜ਼ਾਰਿਸ਼ ਉਹਨਾਂ ਤੱਕ ਪਹੁੰਚਾਉਣ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਤੁਹਾਡੀ ਗੱਲ ਨੂੰ ਬਖੂਬੀ ਸੁਣਿਆ ਜਾਵੇਗਾ ਤੇ ਉਸਦਾ ਯੋਗ ਹੱਲ ਵੀ ਦਿੱਤਾ ਜਾਏਗਾ। ਇਸ ਗੱਲ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਕਿ ਸਕੂਲ ਅੰਦਰ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਹੀ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਸੁਣਿਆ ਜਾਏਗਾ। ਕਿਸੇ ਵੀ ਬਾਹਰੀ ਵਿਅਕਤੀ ਨੂੰ ਸਕੂਲ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਅੰਦਰ ਆਉਣ ਦੀ ਇਜ਼ਾਜ਼ਤ ਨਾ ਦਿੱਤੀ ਗਈ ਹੈ ਅਤੇ ਨਾ ਹੀ ਦਿੱਤੀ ਜਾਏਗੀ। ਇਹੀ ਆਸ ਅਸੀਂ ਮਾਪਿਆਂ ਤੋਂ ਰੱਖਦੇ ਹਾਂ ਕਿ ਉਹ ਸਕੂਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਆਪਣੇ ਤੇ ਸਕੂਲ ਵਿਚਲੇ ਰਿਸ਼ਤੇ ਨੂੰ ਮਜਬੂਤ ਕਰਕੇ ਰੱਖਣ, ਤਾਂ ਜੋ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਨਿਖਾਰਿਆ ਜਾ ਸਕੇ ਤੇ ਉਹਨਾਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।