ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਡੀਐੱਸਪੀ ਦਫ਼ਤਰ ਮਹਿਲ ਕਲਾਂ ਵਿਖੇ ਰੋਸ ਧਰਨਾ ਦਿੱਤਾ ।     

ਜਦੋਂ ਤੱਕ ਪੀੜਤ ਕਿਸਾਨ ਤੇ ਵਿਧਵਾ ਔਰਤ ਨੂੰ ਇੰਨਸਾਫ਼ ਨਹੀਂ ਮਿਲਦਾ ਤਾਂ ਜਥੇਬੰਦੀ ਸੰਘਰਸ਼ ਕਰਦੀ ਰਹੇਗੀ- ਕਿਸਾਨ ਆਗੂ ।                   

ਮਹਿਲ ਕਲਾਂ/ਬਰਨਾਲਾ- ਜੂਨ 2020 ( ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ ਧਨੇਰ ਦੇ ਪੀੜਤ ਕਿਸਾਨ ਅਤੇ ਵਿਧਵਾ ਔਰਤ ਨੂੰ ਇਨਸਾਫ਼ ਨਾ ਮਿਲਣ ਕਰਕੇ ਅੱਜ ਡੀਐਸਪੀ ਦਫ਼ਤਰ ਮਹਿਲ ਕਲਾਂ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ  । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਧਨੇਰ ਦੀ ਵਿਧਵਾ ਔਰਤ ਨੇ ਆਪਣੇ ਹਿੱਸੇ ਦੀ ਜ਼ਮੀਨ ਇੱਕ ਕਿਸਾਨ ਨੂੰ ਠੇਕੇ ਤੇ ਦੇ ਦਿੱਤੀ ਹੋਈ ਹੈ  ਤੇ ਜਿਸ ਵਿੱਚ ਝੋਨਾ ਲਾਇਆ ਹੋਇਆ ਸੀ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਹਿੱਸੇ ਚ ਸੁਹਾਗਾ ਫੇਰ ਦਿੱਤਾ। ਪਤਾ ਲੱਗਣ ਤੇ ਜਦੋਂ ਔਰਤਾਂ ਨੇ ਰੋਕਣਾ ਚਾਹਿਆ ਤਾਂ ਉਨ੍ਹਾਂ ਵੱਲੋਂ ਕੁੜੀ ਦੀ ਖਿੱਚ ਤੋਂ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਵੀ ਲਾਹ ਲਈ ਗਈ । ਜਿਸਦੀ ਰਿਪੋਰਟ  ਪੁਲਿਸ ਥਾਣਾ ਮਹਿਲ ਕਲਾਂ ਵਿਖੇ ਦਿੱਤੀ ਗਈ ਹੈ ,ਪਰ ਕਈ ਦਿਨ ਬੀਤ ਜਾਣ ਦੇ ਬਾਅਦ ਪੁਲਸ ਨੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੇ ਜ਼ਮੀਨ ਠੇਕੇ ਤੇ ਲਈ ਹੋਈ ਹੈ ਉਸ ਨੇ 80 ਹਜ਼ਾਰ ਰੁਪਏ ਠੇਕਾ ਵੀ ਦਿੱਤਾ ਹੋਇਆ ਹੈ, ਫਿਰ ਉਸ ਕਿਸਾਨ ਦਾ ਕੀ ਕਸੂਰ ਹੈ ਤੇ ਉਸ ਦਾ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਭਰਾਵਾਂ ਦਾ ਜ਼ਮੀਨ ਦੀ ਵੰਡ ਦਾ ਰੌਲਾ ਹੈ ਫੇਰ ਬੈਠ ਕੇ ਨਿਬੇੜਾ ਕਰ ਲੈਣ ,ਪਰ ਪਹਿਲਾਂ ਵੀ ਕਈ ਵਾਰ ਸਮਝੌਤਾ ਹੋਇਆ ਹੈ ,ਫੇਰ ਉਸ ਕਿਸਾਨ ਦਾ ਕੀ ਕਸੂਰ ਹੈ ,ਉਸ ਨੇ ਠੇਕੇ ਦੇ ਪੈਸੇ ਦਿੱਤੇ ਹੋਏ ਹਨ ਅਤੇ ਕਿਸਾਨ ਨੂੰ ਝੋਨਾ ਲਾਉਣ ਤੋਂ ਰੋਕਿਆ ਜਾ ਰਿਹਾ ਸੀ ਤੇ ਫੇਰ ਜਥੇਬੰਦੀ ਨੇ ਵਿੱਚ ਪੈ ਕੇ ਕਿਸਾਨ ਦਾ ਝੋਨਾ ਲਵਾਇਆ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨਾਲ ਫਿਰ ਧੱਕਾ ਹੋਵੇਗਾ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰੇਗੀ ਤੇ ਪੀੜਤ ਕਿਸਾਨ ਤੇ ਵਿਧਵਾ ਔਰਤ ਨੂੰ ਇਨਸਾਫ ਦਿਵਾ ਕੇ ਰਹੇਗੀ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਭਾਗ ਸਿੰਘ ਕੁਰੜ, ਗੁਰਦੇਵ ਸਿੰਘ ਮਾਂਗੇਵਾਲ, ਬਲਾਕ ਸ਼ਹਿਣਾ ਦੇ ਪ੍ਰਧਾਨ ਭੋਲਾ ਸਿੰਘ ਛੰਨਾ, ਬਲਾਕ ਬਰਨਾਲਾ ਦੇ ਪ੍ਰਧਾਨ ਪਰਮਿੰਦਰ ਹੰਡਿਆਇਆ, ਮਲਕੀਤ ਸਿੰਘ ਈਨਾਂ, ਬਲਵੰਤ ਸਿੰਘ ਉੱਪਲੀ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਹਰਦੀਪ ਸਿੰਘ ਗਾਲਬ, ਸਾਬਕਾ ਸਰਪੰਚ ਹਰਭਜਨ ਸਿੰਘ ਤਖ਼ਤੂਪੁਰਾ ,ਸਾਬਕਾ ਸਰਪੰਚ ਜਗਜੀਤ ਸਿੰਘ ਹਰੀਗੜ੍ਹ ਆਦਿ ਹੋਰ ਹਾਜ਼ਰ ਸਨ ।