ਲੁਧਿਆਣਾ, ਜੂਨ 2020 -(ਪ੍ਰਦੂਮਣ ਬਾਂਸਲ/ਮਨਜਿੰਦਰ ਗਿੱਲ )- ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੀ ਜਨਤਕ ਵੰਡ ਪ੍ਰਣਾਲੀ ’ਚ ਕਰੋੜਾਂ ਦੇ ਮਹਾ ਘਪਲੇ ਦਾ ਦੋਸ਼ ਲਾਉਂਦਿਆਂ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਿਛਲੇ ਦਿਨੀ ਭਾਜਪਾ ਦਫਤਰ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਜਗਰਾਓਂ ਵਿਧਾਨ ਸਭਾ ਖੇਤਰ ਦੇ ਸੀਨੀਅਰ ਭਾਜਪਾ ਨੇਤਾ ਗੌਰਵ ਖੁੱਲਰ, ਮੰਡਲ ਪ੍ਰਧਾਨ ਹਨੀ ਗੋਇਲ ਨੇ ਦੋਸ਼ ਲਾਇਆ ਕਿ ਇਸ ਘਪਲੇ ਵਿਚ ਪੂਰੇ ਪੰਜਾਬ ’ਚ ਆਟਾ, ਦਾਲ ਯੋਜਨਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 66,870 ਮੀਟ੍ਰਿਕ ਟਨ ਕਣਕ ਅਤੇ 3000 ਮੀਟ੍ਰਿਕ ਟਨ ਦਾਲ ਦਾ ਇਕ ਵੱਡਾ ਹਿੱਸਾ ਖੁਰਦ-ਬੁਰਦ ਕਰ ਦਿੱਤਾ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੋਰੋਨਾ ਕਾਲ ’ਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਦਾਇਰੇ ਵਿਚ ਆਉਣ ਵਾਲੇ ਪੰਜਾਬ ਦੇ 1.41 ਕਰੋੜ ਜ਼ਰੂਰਤਮੰਦਾਂ ਲਈ ਅਨਾਜ ਭੇਜਿਆ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹ ਅਨਾਜ ਜਨਤਕ ਵੰਡ ਪ੍ਰਣਾਲੀ ’ਚ ਘਪਲੇ ਜ਼ਰੀਏ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਘਪਲੇ ਨੂੰ ਲੈ ਕੇ ਲੁਧਿਆਣਾ ਨਾਲ ਸਬੰਧਤ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੇ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਣਕ ਅਤੇ ਦਾਲ ਪੰਜਾਬ ਦੀ ਪੂਰੀ ਆਬਾਦੀ ਦੇ ਲਗਭਗ 50 ਫੀਸਦੀ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਨਾਜ ਦੀ ਗਲਤ ਵੰਡ ਕੀਤੇ ਜਾਣ ਕਾਰਨ ਪ੍ਰਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭ ਤੋਂ ਵਾਂਝੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦ ਨੀਲੇ ਕਾਰਡਧਾਰਕ ਲੋਕਾਂ ਨਾਲ ਕਾਰਡ ਕੱਟ ਕੇ ਧੱਕਾ ਕੀਤਾ ਜਾ ਰਿਹਾ ਹੈ ਅਤੇ ਗੈਰ ਜੁਮੇਵਾਰ ਲੋਕਾਂ ਵਲੋਂ ਸਰਕਾਰੀ ਰਾਸ਼ਨ ਦੀ ਜੋ ਵੰਡ ਕੀਤੀ ਜਾ ਰਹੀ ਹੈ ਉਹ ਸਰਾਸਰ ਗਲਤ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਜਾਚ ਹੋਵੇ ਅਤੇ ਜੁਮੇਵਾਰ ਲੋਕਾਂ ਨਊ ਸਜਾ ਦਿੱਤੀ ਜਾਵੇ।