ਇੰਗਲੈਂਡ ਦੇ 'ਸਕਿਪਿੰਗ ਸਿੱਖ' ਨੂੰ ਚੈਰਿਟੀ ਫੰਡ ਇਕੱਠਾ ਕਰਨ ਲਈ ਕੀਤਾ ਗਿਆ ਸਨਮਾਨਤ

ਲੰਡਨ , ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ )-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਰਕਾਰ ਦੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਲਈ ਫੰਡ ਇਕੱਠਾ ਕਰਨ ਵਾਲੇ ਬਰਤਾਨੀਆ ਦੇ 73 ਸਾਲਾ 'ਰੱਸੀ ਟੱਪਣ ਵਾਲੇ ਸਿੱਖ ਰਜਿੰਦਰ ਸਿੰਘ ਨੂੰ 'ਪੁਆਇੰਟ ਆਫ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਾਗੂ ਲਾਕਡਾਊਨ ਦੌਰਾਨ ਰੱਸੀ ਟੱਪਣ ਵਾਲੀਆਂ ਆਪਣੀਆਂ ਵੀਡੀਓਜ਼ ਦੀ ਮਦਦ ਨਾਲ ਉਨ੍ਹਾਂ ਨੇ ਧਨ ਇਕੱਠਾ ਕੀਤਾ। ਸੋਸ਼ਲ ਮੀਡੀਆ 'ਤੇ ਉਹ 'ਸਕਿਪਿੰਗ ਸਿੱਖ' ਦੇ ਰੂਪ ਵਿਚ ਮਸ਼ਹੂਰ ਹੋਏ। ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਜਿੰਦਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਵੀਡੀਓਜ਼ ਨੂੰ ਯੂ-ਟਿਊਬ 'ਤੇ 2,50,000 ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਆਪਣੀਆਂ ਵੀਡੀਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਲਾਕਡਾਊਨ ਵਿਚ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ ਤੇ ਐੱਨਐੱਚਐੱਸ ਲਈ ਧਨ ਇਕੱਠਾ ਕੀਤਾ। ਜੌਨਸਨ ਨੇ ਇਸ ਹਫ਼ਤੇ ਰਜਿੰਦਰ ਸਿੰਘ ਨੂੰ ਭੇਜੇ ਨਿੱਜੀ ਪੱਤਰ ਵਿਚ ਲਿਖਿਆ ਹੈ, 'ਤੁਹਾਡੀਆਂ 'ਸਕਿਪਿੰਗ ਸਿੱਖ' ਫਿਟਨੈੱਸ ਵੀਡੀਓਜ਼ ਨੇ ਦੁਨੀਆ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਲੋਕਾਂ ਨੇ ਇਹ ਵੀਡੀਓਜ਼ ਆਨਲਾਈਨ ਦੇਖੀਆਂ ਤੇ ਤੁਹਾਡੇ ਨਾਲ ਰੋਜ਼ਾਨਾ ਕਸਰਤ ਕੀਤੀ। ਤੁਸੀਂ ਸਿੱਖ ਭਾਈਚਾਰੇ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਵਿਚ ਊਰਜਾ ਭਰਨ ਦਾ ਬਿਹਤਰੀਨ ਤਰੀਕਾ ਲੱਭਿਆ।' ਪ੍ਰਧਾਨ ਮੰਤਰੀ 'ਪੁਆਇੰਟ ਆਫ ਲਾਈਟ' ਪੁਰਸਕਾਰ ਹਰ ਹਫ਼ਤੇ ਦੇ ਅਖੀਰ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕਰਦੇ ਹਨ ਜੋ ਆਪਣੇ ਭਾਈਚਾਰੇ ਵਿਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਸਨਮਾਨ ਮਿਲਣ 'ਤੇ ਰਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜੌਨਸਨ ਦਾ ਧੰਨਵਾਦ ਕੀਤਾ ਅਤੇ ਕਿਹਾ, 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਮੈਂ 'ਪੁਆਇੰਟ ਆਫ ਲਾਈਟ' ਪੁਰਸਕਾਰ ਹਾਸਲ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਕ ਸਿੱਖ ਹੋਣ ਦੇ ਨਾਤੇ ਮੈਨੂੰ ਦੂਜਿਆਂ ਦੀ ਸੇਵਾ ਕਰਨਾ ਚੰਗਾ ਲੱਗਦਾ ਹੈ।