You are here

ਪਿੰਡ ਮਲਕਾਣਾ ਦੇ ਬੱਚਿਆਂ ਨੇ ਲਾਇਆ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਪਿੰਡ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਦਿਨਾ ਵਿੱਦਿਅਕ ਅਤੇ ਇਤਿਹਾਸਕ ਟੂਰ ਦਾ ਆਯੋਜਨ ਕੀਤਾ ਗਿਆ। ਟੂਰ ਨੂੰ ਰਵਾਨਗੀ ਸ੍ਰ. ਬਲਵਿੰਦਰ ਸਿੰਘ ਸਰਪੰਚ ਪਿੰਡ ਮਲਕਾਣਾ ਅਤੇ ਐੱਸ.ਐੱਮ.ਸੀ ਚੇਅਰਮੈਨ ਸ੍ਰ. ਪਾਲ ਸਿੰਘ ਜੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਵੱਲੋਂ ਹਰੀ ਝੰਡੀ ਦਿਖਾ ਦਿੱਤੀ ਗਈ। ਇਹ ਇੱਕ ਦਿਨਾ ਟੂਰ ਕਿਲਾ ਮੁਬਾਰਕ ਬਠਿੰਡਾ, ਚਿੜੀਆਘਰ ਅਤੇ ਹਿਰਨ ਸਫਾਰੀ ਬੀੜ ਤਲਾਬ, ਐਂਗਲੋ ਸਿੱਖ  ਯੁੱਧ ਨਾਲ ਸੰਬੰਧਿਤ ਵਾਰ ਮੈਮੋਰੀਅਲ, ਘੱਲ ਖੁਰਦ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ, ਰੀਟਰੀਟ ਸੈਰੇਮਨੀ, ਹੁਸੈਨੀਵਾਲਾ ਬਾਰਡਰ ਦਾ ਲਗਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਜਿੱਥੇ ਕਿਲਾ ਮੁਬਾਰਕ ਬਠਿੰਡਾ ਅਤੇ  ਐਂਗਲੋ ਸਿੱਖ ਵਾਰ ਨਾਲ ਸਬੰਧਤ, ਵਾਰ ਮੈਮੋਰੀਅਲ, ਘੱਲ ਖੁਰਦ ਵਿਖੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਚਿੜੀਆਘਰ ਅਤੇ ਹਿਰਨ ਸਫਾਰੀ, ਬੀੜ ਤਲਾਬ ਵਿਖੇ ਵੱਖ-ਵੱਖ ਤਰਾਂ ਦੇ ਜੀਵ-ਜੰਤੂਆਂ ਅਤੇ ਬਨਸਪਤੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਜੀਵ-ਜੰਤੂ, ਜਾਨਵਰ ਅਤੇ ਬਨਸਪਤੀ ਦੇ ਆਪਸੀ ਸੰਬੰਧਾਂ ਦੀ ਮਹੱਤਤਾ, ਭੋਜਨ ਲੜੀ ਅਤੇ ਜੀਵਨ ਚੱਕਰ ਸੰਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਹੁਸੈਨੀਵਾਲਾ ਵਾਲਾ ਬਾਰਡਰ ਵਿਖੇ ਜਿੱਥੇ ਬੱਚਿਆਂ ਨੇ ਰੀਟਰੀਟ ਸੈਰਾਮਨੀ ਦਾ ਅਨੰਦ ਮਾਣਿਆ ਉਥੇ ਉਹਨਾਂ ਆਰਮੀ ਦੇ ਜਵਾਨਾਂ ਦੀ ਪ੍ਰੇਡ ਦੇਖ ਕੇ ਦੇਸ ਭਗਤੀ ਦੇ ਨਾਹਰਿਆਂ ਨਾਲ ਆਪਣੀ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਦੇ ਦਰਸ਼ਨ ਕੀਤੇ ਅਤੇ ਸ਼ਹੀਦੀ ਲਾਟ ਨੂੰ ਨਤਮਸਤਕ ਹੋਏ। ਇਸ ਟੂਰ ਦੇ ਆਯੋਜਨ ਅਤੇ ਪ੍ਰਬੰਧਨ ਵਿੱਚ ਸ਼੍ਰੀਮਤੀ ਪਰਮਜੀਤ ਕੌਰ ਹਿੰਦੀ ਅਧਿਆਪਿਕਾ, ਸ੍ਰ. ਦਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ, ਸ੍ਰ. ਹਰਬੰਸ ਸਿੰਘ ਮੈਥ ਮਾਸਟਰ, ਸ੍ਰ. ਗੁਰਜੀਤ ਸਿੰਘ ਅੰਗਰੇਜ਼ੀ ਮਾਸਟਰ ਅਤੇ ਪੀਟੀਏ ਅਧਿਆਪਕਾ ਬਬਲਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸ੍ਰ. ਗੁਰਮੇਲ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਮਲਕਾਣਾ ਵਲੋਂ ਇਸ ਸਫਲ  ਟੂਰ ਲਈ ਅਧਿਆਪਕਾਂ ਦੇ ਵਿਸ਼ੇਸ਼ ਯੋਗਦਾਨ ਲਈ ਅਤੇ ਬੱਚਿਆਂ ਵਲੋਂ ਪੂਰੇ ਅਨੁਸ਼ਾਸਨ ਦੇ ਪਾਬੰਦ ਰਹਿ ਕੇ ਟੂਰ ਨੂੰ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।