ਸਿੱਖ ਫੈੱਡਰੇਸ਼ਨ ਯੂ. ਕੇ. ਨੇ ਲਿਖੀ ਬ੍ਰਿਟਿਸ਼ ਸਰਕਾਰ ਨੂੰ ਚਿੱਠੀ

ਗੁਰਦੁਆਰਾ ਸਾਹਿਬ ਖੋਲ੍ਹਣ ਲਈ ਜਾਰੀ ਸਰਕਾਰੀ ਦਿਸ਼ਾ-ਨਿਰਦੇਸ਼ ਠੀਕ ਨਹੀਂ

ਮਾਨਚੈਸਟਰ,ਜੂਨ 2020 ( ਗਿਆਨੀ ਅਮਰੀਕ ਸਿੰਘ ਰਾਠੌਰ)-

ਸਿੱਖ ਫੈਡਰੇਸ਼ਨ ਯੂ. ਕੇ. ਨੇ ਕੋਰੋਨਾ ਵਾਇਰਸ ਕਾਰਨ ਕੀਤੀ ਤਾਲਾਬੰਦੀ 'ਚ ਢਿੱਲ ਦਿੰਦਿਆਂ 4 ਜੁਲਾਈ ਤੋਂ ਗੁਰਦੁਆਰਾ ਸਾਹਿਬ ਮੁਕੰਮਲ ਤੌਰ 'ਤੇ ਖੋਲ੍ਹੇ ਜਾਣ ਅਤੇ ਅਨੰਦ ਕਾਰਜ ਸਮਾਗਮ ਸ਼ੁਰੂ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਬਿਆਨ ਦਾ ਸਵਾਗਤ ਕੀਤਾ ਹੈ । ਉਥੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਉਕਤ ਪੱਤਰ 'ਚ ਕਿਹਾ ਕਿ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਿੱਖ ਮਰਿਯਾਦਾ ਦਾ ਧਿਆਨ ਨਹੀਂ ਰੱਖਿਆ । ਜਿਸ 'ਚ ਖਾਸ ਤੌਰ 'ਤੇ ਕੀਰਤਨ ਕਰਨ, ਕੜਾਹ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਆਗਿਆ ਨਾ ਹੋਣੀ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਗੁਰਦੁਆਰਿਆਂ 'ਚ ਲੋੜਵੰਦਾਂ ਲਈ ਰੋਜ਼ਾਨਾ ਲੰਗਰ ਬਣਾਇਆ ਜਾਂਦਾ ਰਿਹਾ ਅਤੇ ਵੰਡਿਆ ਜਾਂਦਾ ਰਿਹਾ, ਜੇ ਰੈਸਟੋਰੈਂਟਾਂ 'ਚ ਬੈਠ ਕੇ ਲੋਕ ਭੋਜਨ ਖਾ ਸਕਦੇ ਹਨ ਤਾਂ ਗੁਰਦੁਆਰਿਆਂ 'ਚ ਕਿਉਂ ਨਹੀਂ । ਉਨ੍ਹਾਂ ਕਿਹਾ ਕਿ ਕੜਾਹ ਪ੍ਰਸ਼ਾਦ ਸਿੱਖ ਪ੍ਰੰਪਰਾਵਾਂ ਦਾ ਅਹਿਮ ਹਿੱਸਾ ਹੈ, ਸਰਕਾਰ ਵਲੋਂ ਇਸ ਬਾਰੇ ਕਿਉਂ ਧਿਆਨ ਨਹੀਂ ਦਿੱਤਾ ਜਾਂਦਾ । ਉਕਤ ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਵਿਆਹ ਸਮਾਗਮਾਂ 30 ਲੋਕਾਂ ਦੇ ਸ਼ਾਮਿਲ ਹੋਣ ਦੀ ਆਗਿਆ ਦਿੱਤੀ ਗਈ ਹੈ, ਜਦ ਕਿ ਯੂ. ਕੇ. ਦੇ ਬਹੁਤ ਸਾਰੇ ਗੁਰੂ ਘਰਾਂ 'ਚ ਸਰੀਰਕ ਦੂਰੀ ਨੂੰ ਯਕੀਨੀ ਬਣਾ ਕੇ ਵੀ 50-100 ਲੋਕਾਂ ਦੇ ਬੈਠਣ ਦੀ ਥਾਂ ਹੈ, ਜੇ ਸਰੀਰਕ ਦੂਰੀ 1 ਮੀਟਰ ਤੱਕ ਘਟਾ ਦਿੱਤੀ ਜਾਂਦੀ ਹੈ ਤਾਂ ਹੋਰ ਵੀ ਜ਼ਿਆਦਾ ਲੋਕ ਆ ਸਕਦੇ ਹਨ । ਭਾਈ ਗਿੱਲ ਨੇ ਧਾਰਮਿਕ ਮਾਲਿਆਂ ਦੇ ਮੰਤਰੀ ਰੌਬਰਟ ਜੈਨਰਿੱਕ ਸਮੇਤ ਕਈ ਸੀਨੀਅਰ ਲੇਬਰ ਲੀਡਰਾਂ ਨੂੰ ਵੀ ਉਕਤ ਪੱਤਰ ਭੇਜ ਕੇ 4 ਜੁਲਾਈ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ਾਂ 'ਚ ਸੋਧ ਕਰਨ ਦੀ ਮੰਗ ਕੀਤੀ ।