You are here

ਗਰੀਬਾਂ ਨੂੰ ਨਫ਼ਰਤ ਕਰਨ ਵਾਲੇ ਲੋਕ ਕਦੇ ਧਰਮੀ ਨਹੀਂ ਹੋ ਸਕਦੇ: ਭਾਨ ਸਿੰਘ ਜੱਸੀ 

ਮਹਿਲ ਕਲਾਂ /ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ) - ਸਥਾਨਕ ਜੋਗੀਨਾਥਾਂ ਦੀਆਂ ਝੁੱਗੀਆਂ ਅਤੇ ਘਰਾਂ ਵਿੱਚ ਰਹਿੰਦੇ ਲੋਵੜਵੰਦਾਂ ਨੂੰ ਸ੍ਰੀ ਗੁਰ ਨਾਨਕ ਦੇਵ ਚੇਰੀਟੇਬਲ  ਸਲੰਮ ਸੋਸਾਇਟੀ  ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਪਾਣੀ ਵਾਲੇ ਕੈਂਪਰ ਕੈਂਪਰ ਵੰਡੇ ਗਏ। ਪੰਜਾਬ ਦੇ ਪੰਜ ਜ਼ਿਲ੍ਹਿਆਂ ਬਰਨਾਲਾ; ਸੰਗਰੂਰ ;ਪਟਿਆਲਾ; ਫ਼ਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿਖੇ ਝੁੱਗੀਆਂ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਜੋਗੀਨਾਥਾਂ ਅਤੇ ਸਪੇਰਿਆਂ ਨੂੰ ਸਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਸਟਮ ਦੇ ਸਤਾਏ ਦੱਬੇ ਕੁਚਲੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਤਾ; ਪੈਸੇ ਅਤੇ ਗਿਆਨ ਦੇ ਹੰਕਾਰ ਦੀਆਂ ਭਾਰੀ ਪੰਡਾਂ ਆਪਣੇ ਸਿਰਾਂ ਤੋਂ ਲਾਹ ਕੇ ਈਰਖਾਵਾਦੀ ਗੰਦੀ ਦਲਦਲ ਵਿੱਚੋਂ ਬਾਹਰ ਨਿਕਲਦਿਆਂ ਮਾਨਵਤਾ ਦੀ ਭਲਾਈ ਲਈ ਕੁਝ ਕਰਨਾ ਚਾਹੀਦਾ ਹੈ।ਸਰਦਾਰ ਭਾਨ ਸਿੰਘ ਜੱਸੀ ਨੇ ਕਿਹਾ ਕਿ ਜਿਹੜੇ ਲੋਕ ਭਾਈ ਲਾਲੋਆਂ ਦੇ ਪ੍ਰਤੀਕ ਕਿਰਤੀ ਮਜ਼ਦੂਰਾਂ ਨੂੰ ਜਾਤੀ ਤੌਰ ਤੇ ਜਾਂ ਫਿਰ ਗਰੀਬੀ ਕਾਰਨ ਅੱਜ ਵੀ ਨਫਰਤ ਭਰੀ ਨਜ਼ਰ ਨਾਲ ਵੇਖਦੇ ਹਨ ਉਨ੍ਹਾਂ ਨੂੰ ਕਦੇ ਵੀ ਧਰਮੀ ਪੁਰਸ਼ ਨਹੀਂ ਮੰਨਿਆ ਜਾ ਸਕਦਾ।ਕਰੋਨਾ ਵਾਇਰਸ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਸ:ਜੱਸੀ ਨੇ ਚੰਗੀ ਸੋਚ ਵਾਲੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ।