ਬਰਤਾਨੀਆ ਲਾਕਡਾਊਨ ਖ਼ਤਮ ਕਰਨ ਲਈ ਤਿਆਰ

4 ਜੁਲਾਈ ਤੋਂ ਸਿਨਮੇ, ਮਿਊਜ਼ੀਅਮ, ਬਾਰ, ਪੱਬ ਤੇ ਰੈਸਟੋਰੈਂਟ ਮੁੜ ਖੁਲ ਜਾਣਗੇ

ਲੰਡਨ, ਜੂਨ 2020 - (ਗਿਆਨੀ ਰਾਵਿਦਰਪਾਲ ਸਿੰਘ )- ਬਰਤਾਨੀਆ 'ਚ ਕੋਰੋਨਾ ਮਹਾਮਾਰੀ 'ਚ ਕਮੀ ਆਉਣ 'ਤੇ ਲਾਕਡਾਊਨ ਨੂੰ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਚਾਰ ਜੁਲਾਈ ਤੋਂ ਪਾਬੰਦੀਆਂ 'ਚ ਢਿੱਲ ਦੇਣ ਦੀ ਤਿਆਰੀ 'ਚ ਹਨ। ਢਿੱਲ ਤਹਿਤ ਨਿਯਮਾਂ ਦੀ ਪਾਲਣਾ ਨਾਲ ਸਿਨਮੇ, ਮਿਊਜ਼ੀਅਮ, ਬਾਰ, ਪੱਬ ਤੇ ਰੈਸਟੋਰੈਂਟ ਮੁੜ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਯੂਰਪ 'ਚ ਬਰਤਾਨੀਆ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਇਸ ਦੇਸ਼ 'ਚ ਹੁਣ ਤਕ ਕੁਲ ਤਿੰਨ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਗਏ ਹਨ। 42 ਹਜ਼ਾਰ 600 ਤੋਂ ਜ਼ਿਆਦਾ ਦੀ ਜਾਨ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ 'ਚ ਬੀਤੀ ਮਈ ਤੋਂ ਨਿਰੰਤਰ ਕਮੀ ਦੇਖੀ ਜਾ ਰਹੀ ਹੈ।

ਬਰਤਾਨੀਆ 'ਚ ਬੀਤੀ 23 ਮਾਰਚ ਤੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਦੀ ਕੋਸ਼ਿਸ਼ 'ਚ ਲਾਕਡਾਊਨ ਲਾਗੂ ਹੈ। ਤਿੰਨ ਮਹੀਨਿਆਂ ਬਾਅਦ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਤਹਿਤ ਇਨ੍ਹਾਂ ਸਥਾਨਾਂ 'ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੰਮਕਾਜ ਕਰਨਾ ਪਵੇਗਾ। ਹਾਲਾਂਕਿ ਸਿਨਮੇ ਸਮੇਤ ਦੂਜੇ ਕਾਰੋਬਾਰਾਂ ਨੂੰ ਚਾਰ ਜੁਲਾਈ ਤੋਂ ਖੋਲ੍ਹਣ ਦੇ ਫ਼ੈਸਲੇ 'ਤੇ ਹਾਲੇ ਮੰਤਰੀ ਮੰਡਲ ਦੀ ਮੋਹਰ ਨਹੀਂ ਲੱਗੀ ਹੈ। ਫ਼ੈਸਲੇ 'ਤੇ ਮੰਤਰੀ ਮੰਡਲ ਦੀ ਮੋਹਰ ਲੱਗਣ ਤੋਂ ਬਾਅਦ ਜੌਨਸਨ ਪੱਬ, ਰੈਸਟੋਰੈਂਟ ਤੇ ਦੂਜੀਆਂ ਜਨਤਕ ਥਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਬਾਰੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਦੀ ਕਾਮਨਜ਼ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜੌਨਸਨ ਦੋ ਮੀਟਰ ਦੀ ਸਰੀਰਕ ਦੂਰੀ ਨੂੰ ਇਕ ਮੀਟਰ ਕਰਨ ਦੇ ਨਿਯਮ ਦੀ ਵੀ ਸੰਸਦ ਨੂੰ ਜਾਣਕਾਰੀ ਦੇਣਗੇ। ਨਾਲ ਹੀ ਦੂਜੇ ਉਪਾਵਾਂ ਦਾ ਵੇਰਵਾ ਵੀ ਪੇਸ਼ ਕਰਨਗੇ। ਸਰਕਾਰ ਦੇ ਕਈ ਮੰਤਰੀ ਤੇ ਸੇਵਾ ਖੇਤਰ ਦੋ ਮੀਟਰ ਦੂਰੀ ਦੇ ਨਿਯਮਾਂ 'ਚ ਢਿੱਲ ਦੇਣ 'ਤੇ ਜ਼ੋਰ ਦੇ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਨਿਯਮਾਂ ਤਹਿਤ ਕਾਰੋਬਾਰ ਕਰਨਾ ਸੰਭਵ ਨਹੀਂ ਹੋਵੇਗਾ।