ਸਿੱਖਾਂ ਨੂੰ ਕਦੇ ਵੀ ਖ਼ਾਲਿਸਤਾਨ ਦੇ ਨਾਂ 'ਤੇ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ -ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਖ਼ਾਲਿਸਤਾਨ ਦੇ ਨਾਂ 'ਤੇ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਧਰ ਸਿੱਖਾਂ ਨੂੰ ਵੀ ਧਿਆਨ ਰੱਖਣਾ ਪਵੇਗਾ ਕਿ ਦੁਸ਼ਮਣ ਦੇਸ਼ ਕਿਸੇ ਵੀ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਭਾਰਤੀ ਸੰਵਿਧਾਨ ਵਿਰੁੱਧ ਤੇ ਅੱਤਵਾਦ 'ਚ ਧੱਕਣ ਵਿਚ ਸਫਲ ਨਾ ਹੋ ਸਕੇ। ਕੁਝ ਲੋਕ ਉਨ੍ਹਾਂ ਦੇ ਬਿਆਨਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ ਜਦਕਿ ਸਿੱਖ ਕੌਮ ਗੁਰਬਾਣੀ ਤੇ ਹਲੀਮੀ ਰਾਜ ਤੇ ਬੇਗ਼ਮਪੁਰੇ ਉਸ ਰਾਜ ਵੱਲ ਸੰਕੇਤ ਹੈ ਜਿਸ ਵਿਚ ਕਾਨੂੰਨ ਤੇ ਮਨੁੱਖਤਾ ਦਾ ਰਾਜ ਹੋਵੇ। ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ।

ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਕਈ ਸਿੱਖ ਆਗੂਆਂ ਨੇ ਵੀ ਲੋਕਤੰਤਰ ਦਾ ਸਮਰਥਨ ਕਰਦਿਆਂ ਬਿਆਨ ਦਿੱਤੇ ਹਨ ਤੇ ਲੋਕਤੰਤਰ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਸਮੇਂ-ਸਮੇਂ ਕਾਂਗਰਸ ਦੀ ਤੱਤਕਾਲੀ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ 'ਤੇ ਹਮਲੇ ਕਰਵਾਉਣ ਤੇ ਸਿੱਖਾਂ ਦੇ ਹੱਤਿਆ ਕਾਂਡ ਕਰਵਾਉਣ ਦੀਆਂ ਘਟਨਾਵਾਂ ਨੇ ਹੀ ਸਿੱਖਾਂ ਨੂੰ ਵੱਖਰੇ ਰਾਜ ਦੀ ਮੰਗ ਲਈ ਪ੍ਰਰੇਰਿਤ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਸਿਆਸੀ ਸਵਾਰਥਾਂ ਲਈ ਸਿੱਖਾਂ ਪ੍ਰਤੀ ਗ਼ਲਤ ਧਾਰਨਾ ਪੈਦਾ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵੀ ਸਿੱਖਾਂ 'ਤੇ ਸਰਕਾਰੀ ਅੱਤਿਆਚਾਰ ਕਰ ਕੇ ਉਨ੍ਹਾਂ ਅੰਦਰ ਬਿਗਾਨਗੀ ਦਾ ਅਹਿਸਾਸ ਪੈਦਾ ਕੀਤਾ ਗਿਆ। ਉਧਰ ਪਾਕਿਸਤਾਨ ਤੇ ਉਸ ਦੀਆਂ ਏਜੰਸੀਆਂ ਨੇ ਵੀ ਇਸ ਦਾ ਫ਼ਾਇਦਆ ਉਠਾਉਂਦਿਆਂ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨ ਲਈ ਪ੍ਰਰੇਰਿਤ ਕੀਤਾ ਤੇ ਫੰਡ ਮੁਹਈਆ ਕਰਵਾਏ। ਕੁਝ ਮਨੁੱਖਤਾ ਵਿਰੋਧੀ ਸ਼ਕਤੀਆਂ ਨੇ ਵੀ ਆਪਣੇ ਸਿਆਸੀ ਹਿੱਤਾਂ ਲਈ ਅਸ਼ਾਂਤੀ ਦਾ ਵਾਤਾਵਰਨ ਪੈਦਾ ਕਰਨ ਵਿਚ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਖ਼ਾਲਿਸਤਾਨ ਦੇ ਰੂਪ 'ਚ ਪਰਿਭਾਸ਼ਤ ਨਹੀਂ ਕਰਨਾ ਚਾਹੀਦਾ ਬਲਕਿ ਸਿੱਖ ਦੁਨੀਆ ਭਰ 'ਚ ਸ਼ਾਂਤੀ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਸਮਰਥਕ ਹਨ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਉਹ ਲੋਕ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ ਜੋ ਲੋਕ ਸਿੱਖ ਕੌਮ ਨੂੰ ਆਪਣੀ ਸਿਆਸਤ ਲਈ ਜਾਣਬੁਝ ਕੇ ਖ਼ਾਲਿਸਤਾਨ ਨਾਲ ਜੋੜ ਕੇ ਗ਼ਲਤ ਢੰਗ ਨਾਲ ਲੋਕਾਂ 'ਚ ਪੇਸ਼ ਕਰ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਕੁਝ ਲੋਕ ਬਾਹਰਲੇ ਦੇਸ਼ਾਂ ਵਿਚ ਬੈਠੇ ਆਪਣੇ ਆਕਾਵਾਂ ਨੂੰ ਵੀ ਖ਼ੁਸ਼ ਕਰਨ ਲਈ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਰੰਗਤ ਦਿੰਦਿਆਂ ਪੇਸ਼ ਕਰ ਰਹੇ ਹਨ।

ਸਿੰਘ ਸਾਹਿਬ ਨੇ ਕਿਹਾ ਹਲੀਮੀ ਰਾਜ ਤੇ ਬੇਗ਼ਮਪੁਰੇ ਦੀ ਧਾਰਨਾ ਗੁਰਬਾਣੀ ਅਨੁਸਾਰ ਸਿੱਖ ਭਾਵਨਾਵਾਂ ਨਾਲ ਜੁੜੀ ਹੈ ਜੋ ਹਰੇਕ ਸਿੱਖ ਨੂੰ ਲੋਕਤੰਤਰੀ ਢੰਗ ਨਾਲ ਮਨੁੱਖਤਾ ਲਈ ਸ਼ਾਂਤਮਈ ਸੰਘਰਸ਼ ਕਰਨ ਦੀ ਹਾਮੀ ਭਰਦੀ ਹੈ। ਸਿੱਖਾਂ ਨੂੰ ਸੰਵਿਧਾਨ ਅੰਦਰ ਰਹਿ ਕੇ ਆਪਣੇ ਹੱਕਾਂ ਲਈ ਸ਼ਾਂਤਮਈ ਆਵਾਜ਼ ਉਠਾਉਣੀ ਚਾਹੀਦੀ ਹੈ, ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਪੰਜਾਬ 'ਚ ਰਹਿਣ ਵਾਲਾ ਹਰ ਵਿਅਕਤੀ ਸ਼ਾਂਤਮਈ ਢੰਗ ਨਾਲ ਜੀਵਨ ਬਤੀਤ ਕਰ ਸਕੇ। ਗਿਆਨੀ ਹਰਪ੍ਰਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਿੱਖਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣੇ, ਉਨ੍ਹਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਏ ਤਾਂ ਜੋ ਉਹ ਆਪਣੇ ਆਪ ਨੂੰ ਅਲਹਿਦਾ ਮਹਿਸੂਸ ਨਾ ਕਰਨ।