ਨਿਜ਼ਾਮੂਦੀਨ ਮਰਕਸ ਗਿਆ ਚੌਕੀਮਾਨ ਦਾ ਵਿਅਕਤੀ ਕੋਰੋਨਾ ਪੌਜ਼ਿਟਿਵ, ਲੁਧਿਆਣਾ 'ਚ ਕੁੱਲ ਮਾਮਲੇ ਹੋਏ 8

ਜਗਰਾਓਂ/ਲੁਧਿਆਣਾ,ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

 ਦਿੱਲੀ ਸਥਿਤ ਨਿਜ਼ਾਮੂਦੀਨ ਮਰਕਸ ਗਏ ਜਗਰਾਉਂ ਦੇ ਪਿੰਡ ਚੌਕੀਮਾਨ ਵਾਸੀ ਦੀ ਨੋਵਲ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਪਿੰਡ ਪੁੱਜੀ। ਟੀਮ ਨੇ ਪੀੜਤ ਦੇ ਘਰ ਨੂੰ ਸੀਲ ਕਰ ਦਿੱਤਾ ਤੇ ਸਿਹਤ ਵਿਭਾਗ ਵੱਲੋਂ ਘਰ ਅਤੇ ਇਲਾਕੇ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁੱਲ 8 ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ।

ਵਰਨਣਯੋਗ ਹੈ ਕਿ ਉਕਤ ਪਰਿਵਾਰ ਦੇ ਨਿਜ਼ਾਮੂਦੀਨ ਮਰਕਸ 'ਚ ਦਿੱਲੀ ਸ਼ਾਮਲ ਹੋਣ ਦੀ ਸੂਚਨਾ 'ਤੇ ਪਰਸੋਂ ਰਾਤ ਸਿਹਤ ਵਿਭਾਗ ਲੁਧਿਆਣਾ ਤੇ ਚੌਕੀਮਾਨ ਦੀ ਪੁਲਿਸ ਪਿੰਡ ਪੁੱਜੀ। ਇਸ 'ਤੇ ਟੀਮ ਪੀੜਤ ਪਰਿਵਾਰ ਦੇ ਨੌਂ ਮੈਂਬਰਾਂ ਨੂੰ ਐਂਬੂਲੈਂਸ 'ਚ ਸੈਂਪਲ ਤੇ ਟੈਸਟ ਵਾਸਤੇ ਲੁਧਿਆਣਾ ਲੈ ਗਈ। ਅੱਜ ਆਈਆਂ ਟੈਸਟ ਰਿਪੋਰਟਾਂ ਅਨੁਸਾਰ ਇਕ ਨੌਜੁਆਨ ਕੋਰੋਨਾ ਵਾਇਰਸ ਨਾਲ ਪੌਜ਼ਿਟਿਵ ਪਾਇਆ ਗਿਆ।