ਪੰਜਾਬ 'ਚ ਕੋਰੋਨਾ ਦੇ 88 ਪਾਜ਼ੇਟਿਵ ਮਾਮਲੇ ਅਤੇ  ਤਿੰਨ ਮੌਤਾਂ 

ਚੰਡੀਗੜ੍ਹ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਦੇ ਅੰਮਿ੍ਤਸਰ, ਜਲੰਧਰ ਤੇ ਸੰਗਰੂਰ ਜ਼ਿਲਿ੍ਆਂ ਵਿਚ ਬੁੱਧਵਾਰ ਨੂੰ ਕੋਰੋਨਾ ਇਨਫੈਕਸ਼ਨ ਕਾਰਨ ਤਿੰਨ ਹੋਰ ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ ਹੈ। ਸੰਗਰੂਰ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੈ।

ਇੱਥੇ ਦਮੇ ਦੇ ਮਰੀਜ਼ 70 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਉਸ ਨੂੰ ਮੰਗਲਵਾਰ ਨੂੰ ਹੀ ਕੋਵਿਡ ਕੇਅਰ ਸੈਂਟਰ ਤੋਂ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ। ਉਧਰ ਜਲੰਧਰ 'ਚ ਬੁੱਧਵਾਰ ਨੂੰ ਦਸਵੀਂ ਮੌਤ ਹੋ ਗਈ। ਮਕਸੂਦਾਂ ਦੇ ਮੋਤੀ ਨਗਰ ਵਿਚ ਰਹਿਣ ਵਾਲੇ 86 ਸਾਲਾ ਬਜ਼ੁਰਗ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਅੰਮਿ੍ਤਸਰ 'ਚ ਵੀ 46 ਸਾਲਾ ਵਿਅਕਤੀ ਦੀ ਮੌਤ ਹੋ ਗਈ। ਲਾਹੌਰੀ ਗੇਟ ਨਿਵਾਸੀ ਉਕਤ ਵਿਅਕਤੀ ਨੇ ਗੁਰੂਨਾਨਕ ਦੇਵ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ ਵਿਚ ਦਮ ਤੋੜ ਦਿੱਤਾ। ਉਸ ਨੂੰ ਬੁੱਧਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ।

ਉਧਰ ਸੂਬੇ ਵਿਚ ਬੁੱਧਵਾਰ ਨੂੰ 88 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਹੁਣ ਕੁਲ ਇਨਫੈਕਟਿਡਾਂ ਦੀ ਗਿਣਤੀ 2919 ਹੋ ਗਈ ਹੈ। ਹਾਲਾਂਕਿ ਇਨ੍ਹਾਂ ਵਿਚੋ 2232 ਠੀਕ ਹੋ ਚੁੱਕੇ ਹਨ ਤੇ ਸਿਰਫ਼ 629 ਹੀ ਸਰਗਰਮ ਮਰੀਜ਼ ਹਨ। ਬੁੱਧਵਾਰ ਨੂੰ 65 ਮਰੀਜ਼ਾਂ ਨੂੰ ਸਿਹਤਯਾਬ ਹੋਣ ਪਿੱਛੋਂ ਛੁੱਟੀ ਦੇ ਦਿੱਤੀ ਗਈ। ਉਧਰ ਪਠਾਨਕੋਟ 'ਚ ਸਭ ਤੋਂ ਜ਼ਿਆਦਾ 19, ਗੁਰਦਾਸਪੁਰ 'ਚ 17, ਲੁਧਿਆਣੇ 'ਚ 14, ਅੰਮਿ੍ਤਸਰ 'ਚ 12, ਸੰਗਰੂਰ 'ਚ 11, ਜਲੰਧਰ 'ਚ 5, ਪਟਿਆਲੇ 'ਚ ਚਾਰ, ਮੋਹਾਲੀ 'ਚ ਤਿੰਨ, ਨਵਾਂਸ਼ਹਿਰ 'ਚ ਦੋ ਬਰਨਾਲੇ 'ਚ ਇਕ ਕੇਸ ਰਿਪੋਰਟ ਹੋਇਆ।