ਢੀਂਡਸਾ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਡੀਸੀ ਰਾਹੀਂ ਭੇਜੇ ਮੰਗ ਪੱਤਰ

ਬਾਦਲ ਖ਼ਾਲਿਸਤਾਨ 'ਤੇ ਆਪਣਾ ਸਟੈਂਡ ਦੱਸਣ -ਢੀਂਡਸਾ

ਬਰਨਾਲਾ , ਜੂਨ 2020 -(ਗੁਰਸੇਵਕ ਸਿੰਘ ਸੋਹੀ)- 

ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਢੀਂਡਸਾ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ ਪੱਤਰ ਸੌਂਪੇ, ਜਿਨ੍ਹਾਂ 'ਚ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਆਰਡੀਨੈਂਸਾਂ ਦੇ ਅਮਲ ਨਾਲ ਕਿਸਾਨਾਂ 'ਤੇ ਪਏ ਆਰਥਿਕ ਬੋਝ ਦਾ ਵਿਰੋਧ ਕੀਤਾ। ਉਨ੍ਹਾਂ ਖੇਤੀ ਟਿਊਬਵੈੱਲਾਂ ਦੇ ਬਿੱਲ ਲਾਗੂ ਕਰਨ ਦਾ ਵੀ ਵਿਰੋਧ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਬਿਜਲੀ ਸਪਲਾਈ ਦੇਣ, ਸ਼ਰਾਬ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਉੱਚ ਪੱਧਰੀ ਜਾਂਚ ਕਰਵਾਉਣ, ਨਕਲੀ ਬੀਜ ਘੁਟਾਲੇ ਦੀ ਜਾਂਚ ਦੀ ਮੰਗ ਕਰਦਿਆਂ ਨਕਲੀ ਬੀਜਾਂ ਕਾਰਨ ਝੋਨਾ ਲਾਉਣ ਲਈ ਮਜਬੂਰ ਕਿਸਾਨਾਂ ਨੂੰ ਘੱਟੋ-ਘੱਟ 3500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਆਦਿ ਮੰਗਾਂ ਕੀਤੀਆਂ।

ਘੱਲੂਘਾਰਾ ਦਿਵਸ ਮਨਾਉਣ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਖ਼ਾਲਿਸਤਾਨ ਦੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਸਟੈਂਡ ਦੱਸੇ। ਇਹ ਪ੍ਰਗਟਾਵਾ ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਖ਼ਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਫੇਰੀ ਦੌਰਾਨ ਰੈਸਟ ਹਾਊਸ ਵਿਖੇ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਖ਼ਾਲਿਸਤਾਨ ਦੀ ਮੰਗ 'ਤੇ ਦਿੱਤੇ ਬਿਆਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣਾ ਸਟੈਂਡ ਦੱਸਣ। ਇਸ ਸੰਵੇਦਨਸੀਲ ਬਿਆਨ 'ਤੇ ਸੋਚ ਵਿਚਾਰ ਕਰਨੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸਰਬਸਾਂਝੀ ਮੀਟਿੰਗ ਕਰ ਕੇ ਸਭ ਸਿੱਖ ਜਥੇਬੰਦੀਆਂ ਤੋਂ ਰਾਏ ਲੈਣੀ ਚਾਹੀਦੀ ਸੀ, ਨਾਂ ਕਿ ਸਿਰਫ਼ ਇਕ ਧਿਰ ਵੱਲੋਂ ਬਿਆਨ ਦੇ ਕੇ ਹੋਰ ਸੂਬਿਆਂ 'ਚ ਵਸਦੇ ਸਿੱਖਾਂ ਲਈ ਅੌਖ਼ ਦੀ ਘੜੀ ਪੈਦਾ ਕਰਨੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ 'ਤੇ ਐੱਸਜੀਪੀਸੀ ਦੇ ਪ੍ਰਧਾਨ ਵੱਲੋਂ ਹਾਮੀ ਭਰਨ 'ਤੇ ਅਕਾਲੀ ਦਲ ਬਾਦਲ ਨੂੰ ਬਿਆਨ ਦੇਣਾ ਚਾਹੀਦਾ ਸੀ, ਕਿ ਉਹ ਖ਼ਾਲਿਸਤਾਨ ਦੇ ਹਾਮੀ ਹਨ।