ਇੰਗਲੈਡ ਚ 29 ਜੂਨ ਤੋਂ ਖ਼ਤਮ ਹੋ ਸਕਦੀ ਹੈ ਵਿਦੇਸ਼ੀਆਂ ਲਈ ਇਕਾਂਤਵਾਸ ਦੀ ਨੀਤੀ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-ਬਰਤਾਨੀਆ ਵਿਚ 8 ਜੂਨ ਤੋਂ ਵਿਦੇਸ਼ੀ ਯਾਤਰੀਆਂ ਦੇ 14 ਦਿਨ ਇਕਾਂਤਵਾਸ ਵਿਚ ਰਹਿਣ ਦੇ ਸ਼ੁਰੂ ਹੋਏ ਨਿਯਮ ਨੂੰ 29 ਜੂਨ ਨੂੰ ਖ਼ਤਮ ਕਰ ਦੇਣ ਦੀਆਂ ਚਰਚਾਵਾਂ ਹਨ । ਇਹ ਨੀਤੀ ਕੋਰੋਨਾ ਵਾਇਰਸ ਲਈ ਘੱਟ ਖ਼ਤਰੇ ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਖਤਮ ਹੋ ਜਾਵੇਗੀ । ਯੂ.ਕੇ. ਦੀਆਂ ਹਵਾਈ ਯਾਤਰਾ ਕੰਪਨੀਆਂ ਦੇ ਮੁਖੀਆ ਨੇ ਯੂ.ਕੇ. ਦੇ ਮੰਤਰੀਆਂ ਨੂੰ ਕਾਨੂੰਨੀ ਚਣੌਤੀਆਂ ਦਿੱਤੀਆਂ ਹਨ, ਉਨ੍ਹਾਂ ਕਿਹਾ ਕਿ ਹਫ਼ਤਿਆਂ ਵਿਚ ਹੀ ਸਰਕਾਰ ਵਲੋਂ ਇਨ੍ਹਾਂ ਨੀਤੀਆਂ ਨੂੰ ਬਦਲ ਦਿੱਤਾ ਜਾਵੇਗਾ । ਵਿਦੇਸ਼ ਦਫ਼ਤਰ ਵੀ ਬਰਤਾਨਵੀ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਦਿੱਤੀ ਜਾਣ ਵਾਲੀ ਆਪਣੀ ਸਲਾਹ ਜੂਨ ਦੇ ਅੰਤ ਤੱਕ ਖ਼ਤਮ ਕਰਨ 'ਤੇ ਵਿਚਾਰ ਕਰ ਰਿਹਾ ਹੈ । ਬਰਤਾਨੀਆ ਵਿਚ ਲਾਗੂ ਹੋਏ ਇਕਾਂਤਵਾਸ ਦੇ ਨਿਯਮਾਂ ਅਨੁਸਾਰ ਯੂ.ਕੇ. ਪਹੁੰਚਣ ਵਾਲਿਆਂ ਨੂੰ ਸੰਪਰਕ, ਯਾਤਰਾ ਜਾਣਕਾਰੀ ਅਤੇ ਇਕਾਂਤਵਾਸ ਵਾਲੀ ਥਾਂ ਦੀ ਜਾਣਕਾਰੀ ਵਾਲਾ ਫਾਰਮ ਭਰਨਾ ਲਾਜ਼ਮੀ ਹੈ । ਅਜਿਹਾ ਨਾ ਕਰਨ ਵਾਲ਼ਿਆਂ ਲਈ 100 ਦਾ ਜੁਰਮਾਨਾ ਅਤੇ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਲਈ 1000 ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ।
ਸਾਊਥੈਂਡ-ਅਧਾਰਿਤ ਚਾਰਟਰ ਏਅਰਪੋਰਟ ਜੋਟਾ ਐਵੀਏਸ਼ਨ ਦੇ ਮਾਲਕ ਸਾਈਮਨ ਡੋਲਨ ਦੇ ਵਕੀਲਾਂ ਨੇ ਵੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪੱਤਰ ਲਿਖ ਕੇ ਕਿਹਾ ਕਿ ਸਰਕਾਰ ਦੇ ਵਿਗਿਆਨਕ ਮਾਹਿਰਾਂ ਨੇ ਯੋਜਨਾਵਾਂ ਦਾ ਸਮਰਥਨ ਨਹੀਂ ਕੀਤਾ । ਤੀਜੀ ਚੁਣੌਤੀ ਹੁਣ ਕਵਾਸ਼ ਕੁਆਰੰਟੀਨ ਵਲੋਂ ਦਿੱਤੀ ਗਈ ਹੈ ਜੋ 500 ਤੋਂ ਵੱਧ ਹੋਟਲਾਂ, ਸੈਰ-ਸਪਾਟਾ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ | ਇਸ ਦੇ ਬੁਲਾਰੇ ਪੌਲਚਾਰਲਸ ਨੇ ਕਿਹਾ ਹੈ ਕਿ ਸੀਨੀਅਰ ਸਰਕਾਰੀ ਸੂਤਰ ਅਨੁਸਾਰ 29 ਜੂਨ ਤੋਂ ਉਕਤ ਨੀਤੀ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਉਨ੍ਹਾਂ ਸਰਕਾਰ ਨੂੰ ਇਸ ਦੀ ਜਲਦੀ ਪੁਸ਼ਟੀ ਕਰਨ ਲਈ ਕਿਹਾ ਹੈ ।